ਸਿਹਤਮੰਦ ਦੰਦ ਹੀ ਸਿਹਤਮੰਦ ਜੀਵਨ ਦਾ ਹਨ ਅਧਾਰ : ਸਿਵਲ ਸਰਜਨ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੀ ਅਗਵਾਈ ਵਿੱਚ ਅੱਜ ਸਿਵਲ ਹਸਤਪਤਾਲ ਹੁਸ਼ਿਆਰਪੁਰ ਵਿਖੇ 36ਵੇਂ ਡੈਂਟਲ ਸਿਹਤ ਪੰਦਰਵਾੜੇ ਦੇ ਸਮਾਪਨ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ.ਸ਼ੈਲਾ ਮਹਿਤਾ ਦੀ ਨਿਗਰਾਨੀ ਹੇਂਠ 27 ਮਰੀਜ਼ਾਂ ਨੂੰ ਮੁਫਤ ਦੰਦਾਂ ਦੇ ਸੈਟ ਦਿੱਤੇ ਗਏ। ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਸਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ.ਸਵਾਤੀ, ਡੈਂਟਲ ਮੈਡੀਕਲ ਅਫਸਰ ਡਾ.ਨਵਨੀਤ ਕੌਰ, ਡਾ.ਸਨਮ ਕੁਮਾਰ, ਡਾ.ਬਲਜੀਤ ਕਟਾਰੀਆ, ਡਾ.ਲਕਸ਼ਮੀ ਕਾਂਤ ਅਤੇ ਹੋਰ ਹਾਜ਼ਰ ਸਨ ।

ਡਾ.ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਿਤੀ 03.10.2023 ਤੋਂ ਸ਼ੁਰੂ ਹੋਏ ਇਸ ਡੈਂਟਲ ਪੰਦਰਵਾੜੇ ਦਾ ਅੱਜ ਸਮਾਪਨ ਕੀਤਾ ਗਿਆ ਹੈ । ਪੰਦਰਵਾੜੇ ਦੌਰਾਨ ਜਿਲਾ ਹਸਪਤਾਲ, ਐਸ.ਡੀ.ਐਚ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਸਮੇਤ 15 ਥਾਂਵਾਂ ਤੇ ਕੈਂਪ ਲਗਾਏ ਗਏ ਸਨ, ਜਿਨ੍ਹਾਂ ਵਿੱਚ 162 ਲੋੜਵੰਦ ਮਰੀਜ਼ਾਂ ਨੂੰ ਮੁਫਤ ਡੈਂਚਰ ਲਗਾਏ ਗਏ  ਅਤੇ 5767 ਮਰੀਜ਼ਾਂ ਨੇ ਇਸ ਪੰਦਰਵਾੜੇ ਦਾ ਲਾਭ ਲਿਆ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕੂਲੀ ਬੱਚਿਆਂ ਨੂੰ ਵੀ ਦੰਦਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਦੰਦਾਂ ਦੀ ਚੰਗੀ ਸਿਹਤ ਲਈ ਫਲ ਅਤੇ ਸਬਜ਼ੀਆਂ ਖਾਣ ਲਈ ਪ੍ਰੇਰਿਤ ਕੀਤਾ ਅਤੇ ਫਾਸਟ ਫੂਡ, ਜੰਕ ਫੂਡ ਆਦਿ ਤੋਂ ਪ੍ਰਹੇਜ ਕਰਨ ਲਈ ਕਿਹਾ ਗਿਆ । ਡਾ.ਸ਼ੈਲਾ ਮਹਿਤਾ ਨੇ ਦੰਦਾਂ ਦੇ ਖਰਾਬ ਹੋਣ ਅਤੇ ਸਾਂਭ-ਸੰਭਾਲ ਕਰਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੰਦਾਂ ਵਿੱਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ਵਿੱਚ ਸਾੜ ਪੈਦਾ ਹੋ ਜਾਂਦਾ ਹੈ, ਜਿਸ ਕਾਰਣ ਮਸੂੜਿਆਂ ਵਿੱਚ ਸੋਜਸ਼ ਹੋ ਜਾਂਦੀ ਹੈ ਅਤੇ ਬੁਰਸ਼ ਕਰਨ ਨਾਲ ਖੂਨ ਆਉਣ ਲੱਗ ਪੈਦਾ ਹੈ । ਉਨਾਂ ਕਿਹਾ ਕਿ ਜੇਕਰ ਦੰਦਾਂ ਦੀ ਸਖਤ ਪੀਲੀ ਪੇਪੜੀ  ਨੂੰ ਸਾਫ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਜਿਆਦਾ ਮਿੱਠੀਆਂ ਚੀਜਾਂ, ਮਿੱਠੇ ਸ਼ਰਬਤ, ਆਈਸ ਕ੍ਰੀਮ, ਟੋਫੀਆਂ, ਚਾਕਲੇਟ ਆਦਿ ਦੰਦਾਂ ਨੂੰ ਖਰਾਬ ਕਰ ਦਿੰਦੀਆਂ ਹਨ। ਭੋਜਨ ਕਰਨ ਤੋਂ ਬਾਅਦ ਬਕਾਇਦਾ ਬੁਰਸ਼ ਕਰਨਾ ਚਾਹੀਦਾ ਹੈ ਅਤੇ ਦਿਨ ਵਿੱਚ ਦੋ ਵਾਰ (ਸਵੇਰੇ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ) ਬੁਰਸ਼ ਕਰਨਾ ਲਾਜ਼ਮੀ ਹੈ । ਸਭ ਤੋਂ ਜਰੂਰੀ ਹੈ ਕਿ ਨਿਯਮਿਤ ਰੂਪ ਨਾਲ ਹਰ ਛੇ ਮਹੀਨਿਆਂ ਦੇ ਵਕਫੇ ਤੇ ਆਪਣੇ ਦੰਦਾ ਦੀ ਜਾਂਚ ਦੰਦਾਂ ਦੇ ਡਾਕਟਰ ਕੋਲੋ ਜ਼ਰੂਰ ਕਰਵਾਉਣੀ ਚਾਹੀਦੀ ਹੈ। ਦੰਦਾ ਦੀ ਸੰਭਾਲ ਲਈ ਤੰਬਾਕੂ ਅਤੇ ਇਸ ਦੇ ਪਦਾਰਥਾਂ ਦਾ ਸੇਵਨ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਦੰਦਾਂ ਅਤੇ ਮੂੰਹ ਦਾ ਕੈਂਸਰ ਹੋ ਸਕਦਾ ਹੈ। ਉਨਾਂ ਕਿਹਾ ਕਿ ਆਪਣੇ ਦੰਦਾਂ ਦਾ ਧਿਆਨ ਰੱਖੋ ਅਤੇ ਉਹ ਤੁਹਾਡਾ ਪੂਰਾ ਪੂਰਾ ਧਿਆਨ ਰੱਖਣਗੇ ।

 

 

 

Previous articleਕੌਮੀ ਅਤੇ ਸਟੇਟ ਪੱਧਰ ਤੇ ਗਤਕੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਦਮਨਪ੍ਰੀਤ ਤੇ ਜਸਕੀਰਤ
Next articleशिव परिवार सहित हनुमान सेवा समिति ने तीसरी बाला जी की चौंकी का किया आयोजन