ਫਗਵਾੜਾ,(ਸ਼ਿਵ ਕੋੜਾ): ਕੇਂਦਰ ਦੀ ਨਵੀਂ ਬਣੀ ਐਨ.ਡੀ.ਏ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ ’ਚ ਸਾਹਮਣੇ ਆਏ ਵੱਡੇ ਅੱਤਵਾਦੀ ਹਮਲੇ, ਜਿਸ ’ਚ ਸ਼ਿਵ ਖੋੜੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ, ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ਿਵ ਸੈਨਾ (ਯੂ.ਬੀ.ਟੀ) ਦੇ ਸੂਬਾਈ ਪ੍ਰੈੱਸ ਸਕੱਤਰ ਕਮਲ ਸਰੋਜ ਅਤੇ ਯੁਵਾ ਸੈਨਾ ਦੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਲਾਰਾਈ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਦੀ ਗੱਲ ਹੈ ਕਿ ਕਸ਼ਮੀਰ ’ਚ ਲਗਾਤਾਰ ਅੱਤਵਾਦੀ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਲਗਾਤਾਰ ਦਾਅਵਾ ਕੀਤਾ ਸੀ ਕਿ ਕਸ਼ਮੀਰ ਘਾਟੀ ਵਿੱਚ ਹੁਣ ਬੁਲਟ (ਗੋਲੀ) ਨਹੀਂ ਬੈਲਟ (ਵੋਟ) ਦਾ ਕਲਚਰ ਹੈ। ਪਰ ਰਿਆਸੀ ’ਚ ਜਿਸ ਤਰ੍ਹਾਂ ਅੱਤਵਾਦੀਆਂ ਨੇ ਬੱਸ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਡਰਾਈਵਰ ਦੇ ਸਿਰ ’ਚ ਗੋਲੀ ਲੱਗਣ ਤੋਂ ਬਾਅਦ ਬੱਸ ਡੂੰਘੀ ਖਾਈ ’ਚ ਜਾ ਡਿੱਗੀ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ, ਇਹ ਘਟਨਾ ਇਹਨਾਂ ਸਾਰੇ ਦਾਅਵਿਆਂ ਦੀ ਸੱਚਾਈ ਬਿਆਨ ਕਰਦੀ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਕਸ਼ਮੀਰ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਹਿੰਸਕ ਕੱੜਤਾ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਹੁਣ ਇਨ੍ਹਾਂ ਦੋਵਾਂ ਰਾਜਾਂ ਦੇ ਕੱਟੜਪੰਥੀ ਜਨਤਾ ਦਾ ਸਮਰਥਨ ਇਕੱਠਾ ਕਰਕੇ ਸੰਸਦ ਤੱਕ ਵੀ ਪਹੁੰਚ ਰਹੇ ਹਨ। ਕਮਲ ਸਰੋਜ ਨੇ ਕਿਹਾ ਕਿ ਇਸ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਾਕਾਮੀ ਹੀ ਕਿਹਾ ਜਾਵੇਗਾ ਕਿ ਕੱਟੜਪੰਥੀਆਂ ਨੂੰ ਮੁੜ ਜਨਤਕ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਜੇਕਰ ਸਮੇਂ ਸਿਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਭਾਰਤ ਦੀ ਏਕਤਾ ਅਤੇ ਅਖੰਡਤਾ ਖਤਰੇ ਵਿੱਚ ਪੈ ਜਾਵੇਗੀ। ਇਸ ਲਈ ਸ਼ਿਵ ਸੈਨਾ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਭਾਰਤ ਦੇ ਸਾਰੇ ਰਾਜਾਂ ਵਿੱਚੋਂ ਅੱਤਵਾਦ ਅਤੇ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਸਖ਼ਤ ਕਦਮ ਚੁੱਕੇ ਜਾਣ। ਨਹੀਂ ਤਾਂ ਨਿਰਦੋਸ਼ ਨਾਗਰਿਕਾਂ ਨੂੰ ਇਸਦੀ ਭਾਰੀ ਕੀਮਤ ਇਸੇ ਤਰ੍ਹਾਂ ਚੁਕਾਉਣੀ ਪਵੇਗੀ, ਜਿਵੇਂ ਕਿ ਰਿਆਸੀ ਦੀ ਤਾਜ਼ਾ ਘਟਨਾ ਵਿੱਚ ਵਾਪਰਿਆ ਹੈ।