ਵਿਧਾਇਕ ਜਿੰਪਾ ਨੇ ਸਕੂਲ ਆਫ਼ ਹੈਪੀਨੈਸ ਪ੍ਰੋਜੈਕਟ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਅੱਜੋਵਾਲ ’ਚ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ
ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ’ਚ ਨਹੀਂ ਛੱਡੀ ਜਾ ਰਹੀ ਹੈ ਕੋਈ ਕਮੀ
ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਅੱਜੋਵਾਲ ਵਿਖੇ ਸਕੂਲ ਆਫ਼ ਹੈਪੀਨੈਸ ਪ੍ਰੋਜੈਕਟ ਤਹਿਤ ਬਣ ਰਹੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ‘ਤੇ ਚੱਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਆਫ਼ ਹੈਪੀਨੈਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਜ਼ਿਲ੍ਹੇ ਦੇ ਚਾਰ ਸਕੂਲਾਂ ਨੂੰ ਸਕੂਲਾਂ ਆਫ਼ ਹੈਪੀਨੈਸ ਵਿਚ ਬਦਲਿਆ ਜਾ ਰਿਹਾ ਹੈ, ਜਿਸ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਅੱਜੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਨਸਰਾਲਾ, ਸਰਕਾਰੀ ਐਲੀਮੈਂਟਰੀ ਸਕੂਲ ਆਦਮਵਾਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਸ਼ਾਮਿਲ ਹਨ। ਹਰੇਕ ਸਕੂਲ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ 40 ਲੱਖ 40 ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪਲੇਅ ਵੇ ਐਜੂਕੇਸ਼ਨ ਦੇਣ ਲਈ ਸਕੂਲ ਆਫ਼ ਹੈਪੀਨੈਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਇਲਾਵਾ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਅੱਜੋਵਾਲ ਵਿੱਚ ਸਕੂਲ ਆਫ਼ ਹੈਪੀਨੈਸ ਅਧੀਨ ਪਹਿਲਾਂ ਤੋਂ ਬਣੇ ਕਲਾਸ ਰੂਮਾਂ ਤੋਂ ਇਲਾਵਾ 8 ਨਵੇਂ ਕਲਾਸ ਰੂਮ, ਕੰਪਿਊਟਰ ਰੂਮ, ਲਾਇਬ੍ਰੇਰੀ, ਕਾਨਫਰੰਸ ਹਾਲ, ਦਫ਼ਤਰ, ਮੇਨ ਗੇਟ, ਸਟੇਜ, ਮਿਡ-ਡੇ-ਮੀਲ ਲਈ ਡਾਇਨਿੰਗ ਹਾਲ ਬਣੇਗਾ। ਇਸ ਤੋਂ ਇਲਾਵਾ ਹਰੇਕ ਕਲਾਸ ਲਈ ਅਧਿਆਪਕ ਅਤੇ ਸਕੂਲ ਦੀ ਦੇਖਭਾਲ ਲਈ ਚੌਕੀਦਾਰ ਵੀ ਨਿਯੁਕਤ ਕੀਤੇ ਜਾਣਗੇ। ਬੱਚਿਆਂ ਨੂੰ ਵਰਦੀਆਂ ਅਤੇ ਕਿਤਾਬਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਵਾਲਾ ਇਹ ਸਕੂਲ ਬੱਚਿਆਂ ਲਈ ਪ੍ਰੇਰਨਾਦਾਇਕ ਮਾਹੌਲ ਸਿਰਜੇਗਾ। ਇਸ ਦੌਰਾਨ ਉਨ੍ਹਾਂ ਪ੍ਰੀਤ ਨਗਰ ਦੀਆ ਝੁੱਗੀਆਂ ਵਿਚ ਸਮਾਜ ਸੇਵਾ ਦਾ ਕੰਮ ਕਰਨ ਲਈ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਹਰਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਬਹਾਦਰ ਸਿੰਘ ਸੁਨੇਤ, ਬੀ.ਪੀ.ਈ.ਓ 1-ਬੀ ਚਰਨਜੀਤ ਸਿੱਧੂ, ਸੁਮਨ ਬਹਿਲ, ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਓਮਕਾਰ ਸਿੰਘ ਖ਼ਾਲਸਾ, ਸਰਪੰਚ ਆਰਤੀ ਸ਼ਰਮਾ, ਬੱਬੂ, ਪੰਚ ਗਿਆਨ ਕੌਰ, ਬਬਲੀ, ਕੰਚਨ ਦਿਓਲ, ਜੇ.ਈ ਨਰਿੰਦਰ ਸਿੰਘ, ਸਮਾਰਟ ਸਕੂਲ ਇੰਚਾਰਜ ਸਤੀਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਸੀ.ਈ.ਪੀ, ਬੀ.ਆਰ.ਸੀ ਰਣਵੀਰ ਸਿੰਘ, ਗੁਰਵਿੰਦਰ ਸਿੰਘ, ਸੀ.ਐਚ.ਟੀ ਬਲਵੀਰ ਰਾਮ, ਜਸਵਿੰਦਰ ਕੌਰ, ਆਰਤੀ ਸ਼ਰਮਾ ਆਦਿ ਵੀ ਮੌਜੂਦ ਸਨ।