ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਵਿਸ਼ਵ ਬਲੱਡ ਦਿਵਸ ਅਤੇ ਸੰਗਰਾਦ ਦੇ ਮੌਕੇ ਅੱਜ ‘ਰੈੱਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ’ ਦੇ ਸਮੂਹ ਵਿਦਿਆਰਥੀਆਂ ਅਤੇ ਰੈੱਡ ਕਰਾਸ ਦਫ਼ਤਰ ਦੇ ਸਟਾਫ ਵੱਲੋਂ ਗਰਮੀ ਦੇ ਮੱਦੇਨਜ਼ਰ ਰੈੱਡ ਕਰਾਸ ਦਫ਼ਤਰ ਦੇ ਬਾਹਰ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਰਾਹਗੀਰਾਂ ਲਈ ਵੱਧ-ਚੜ੍ਹ ਕੇ ਜਲ ਦੀ ਸੇਵਾ ਕੀਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਹੇਠ ‘ਰੈੱਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ’ ਵਿਚ ਵਿਦਿਆਰਥੀਆ ਨੂੰ ਕੰਪਿਊਟਰ, ਟੈਲੀ ਅਤੇ ਅਕਾਊਂਟਿੰਗ, ਬਿਊਟੀ ਐਂਡ ਵੈਲਨੈਸ, ਫੈਸ਼ਨ ਡਿਜ਼ਾਈਨਿੰਗ ਅਤੇ ਟਾਈਪ ਐਂਡ ਸ਼ਾਰਟਹੈਂਡ ਵਰਗੇ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਲਈ ਤਤਪਰ ਰਹਿੰਦੀ ਹੈ ਅਤੇ ਇਸ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਸਕੀਮਾ/ਉਪਰਾਲਿਆ ਰਾਹੀਂ ਸਮਾਜ ਸੇਵਾ ਕੀਤੀ ਜਾਂਦੀ ਹੈ। ਇਸੇ ਦੌਰਾਨ ਆਪਣੇ ਇਕ ਸੰਦੇਸ਼ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਨਾਗਰਿਕਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਅਤੇ ਰੈੱਡ ਕਰਾਸ ਦੁਆਰਾ ਸਮਾਜ ਭਲਾਈ ਲਈ ਚਲਾਈਆ ਜਾ ਰਹੀਆ ਵੱਖ-ਵੱਖ ਸਕੀਮਾਂ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ।