ਫਗਵਾੜਾ,(ਸ਼ਿਵ ਕੋੜਾ): ਸਕੇਪ ਸਾਹਿਤਕ ਸੰਸਥਾ (ਰਜਿ:) ਵੱਲੋਂ ਬਲੱਡ ਬੈਂਕ ਹਾਲ, ਹਰਗੋਬਿੰਦ ਨਗਰ ਫਗਵਾੜਾ ਵਿਖੇ ‘ਵਾਤਾਵਰਨ’ ਵਿਸ਼ੇ ਨਾਲ਼ ਸੰਬੰਧਤ ਕਵੀ ਦਰਬਾਰ ਕਰਵਾਇਆ ਗਿਆ ਅਤੇ ਲਹਿੰਦੇ ਪੰਜਾਬ ਦੇ ਸ਼ਾਇਰ ਜ਼ੈਨ ਜੱਟ ਦੀ ਪਲੇਠੀ ਕਿਤਾਬ ‘ਇੰਞ ਨਾ ਹੋਵੇ’ ਲੋਕ ਅਰਪਣ ਕੀਤੀ ਗਈ। ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ, ਸਕੇਪ ਸਾਹਿਤਕ ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਪ੍ਰਧਾਨ ਕਮਲੇਸ਼ ਸੰਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਕਵੀ ਦਰਬਾਰ ਵਿੱਚ ਜਿੱਥੇ ਵੱਖ-ਵੱਖ ਕਵੀਆਂ ਨੇ ਵਾਤਾਵਰਨ, ਧਰਤੀ, ਹਵਾ, ਪਾਣੀ, ਕੁਦਰਤ, ਪ੍ਰਦੂਸ਼ਣ ਆਦਿ ਵਿਸ਼ਿਆਂ ‘ਤੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਉਥੇ ਕੁਝ ਕਵੀਆਂ ਨੇ ਭੌਤਿਕ ਵਾਤਾਵਰਨ ਦੇ ਵਧਦੇ ਪ੍ਰਦੂਸ਼ਣ ਦੇ ਨਾਲ਼–ਨਾਲ਼ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਪ੍ਰਦੂਸ਼ਣ ਬਾਰੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਭੌਤਿਕ ਵਾਤਾਵਰਨ ਦੇ ਨਾਲ਼ – ਨਾਲ਼ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਵਾਤਾਵਰਨ ਨੂੰ ਵੀ ਸ਼ੁੱਧ ਤੇ ਸਾਫ਼ – ਸੁਥਰਾ ਕਰ ਕੇ ਵਧੀਆ ਸਮਾਜ ਸਿਰਜਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਸੁੱਖੀ ਬਾਠ ਨੇ ਸਕੇਪ ਸਾਹਿਤਕ ਸੰਸਥਾ (ਰਜਿ:) ਦੁਆਰਾ ਉਲੀਕੇ ਜਾਂਦੇ ਪ੍ਰੋਗਰਾਮਾਂ ਅਤੇ ਸਾਹਿਤਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੰਜਾਬ ਭਵਨ ਸਰੀ ਦੇ ਕਾਰਜਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ।ਉਹਨਾਂ ਬੱਚਿਆਂ ਨੂੰ ਸਾਹਿਤ ਨਾਲ਼ ਜੋੜਨ ਦੇ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ‘ਤੇ ਵਧੇਰੇ ਜ਼ੋਰ ਦਿੱਤਾ ਅਤੇ ਪੰਜਾਬ ਭਵਨ ਸਰੀ ਦੁਆਰਾ ਛਾਪੇ ਜਾ ਰਹੇ ਬੱਚਿਆਂ ਦੇ ਕਾਵਿ–ਸੰਗ੍ਰਹਿ ‘ ਨਵੀਆਂ ਕਲਮਾਂ ਨਵੀਂ ਉਡਾਣ ‘ ਬਾਰੇ ਜਾਣਕਾਰੀ ਦਿੱਤੀ ਅਤੇ ਸਕੇਪ ਸਾਹਿਤਕ ਸੰਸਥਾ ਨੂੰ ਬਾਲ–ਸਾਹਿਤ ਛਾਪਣ ਲਈ ਹੱਲਾ–ਸ਼ੇਰੀ ਦਿੰਦਿਆਂ ਕਿਤਾਬ ਸਪਾਂਸਰ ਕਰਨ ਦਾ ਵਾਅਦਾ ਕੀਤਾ। ਇਸ ਸਮੇ ਬੋਲਦਿਆ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਅਜੋਕੇ ਸਮੇਂ ਵਿਚ ਸੰਜੀਦਾ ਸਾਹਿਤ ਸਿਰਜਣਾ ਜੋਖ਼ਮ ਦਾ ਕੰਮ ਹੈ ਪਰ ਲੇਖਕ ਉਹ ਹੀ ਹੋ ਸਕਦਾ ਹੈ, ਜਿਹੜਾ ਆਪਣੀ ਤਿੱਖੀ ਕਲਮ ਚਲਾਵੇ ਅਤੇ ਲੋਕਾਂ ਦੇ ਦਰਦ ਦਾ ਭਾਈਵਾਲ ਬਣੇ।ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਜੀ ਨੇ ਸਰੋਤਿਆਂ ਨੂੰ ਆਪਣੀਆਂ ਗ਼ਜ਼ਲਾਂ ਨਾਲ਼ ਕੀਲ ਲਿਆ ,ਉਹਨਾਂ ਜ਼ੈਨ ਜੱਟ ਦੀ ਕਿਤਾਬ ਵੀ ਲੋਕ ਅਰਪਣ ਕੀਤੀ ਅਤੇ ਦੱਸਿਆ ਕਿ ਉਹਨਾਂ ਨੇ ਕਿਤਾਬ ਦਾ ਮੁੱਖ –ਬੰਧ ਲਿਖਿਆ ਹੈ, ਇਸ ਲਈ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹਿਆ–ਵਾਚਿਆ ਹੈ ਅਤੇ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਨੂੰ ਇਸ ਮਿਆਰੀ ਪੁਸਤਕ ਦੇ ਛਪਣ ‘ ਤੇ ਵਧਾਈ ਦਿੰਦੇ ਹਨ। ਉਹਨਾਂ ਵਾਤਾਵਰਨ ਦੇ ਪ੍ਰਦੂਸ਼ਣ ਦੇ ਨਾਲ਼ ਰਾਜਨੀਤਿਕ ਪ੍ਰਦੂਸ਼ਣ ਦੂਰ ਕਰਨ ਲਈ ਸਹੀ ਪ੍ਰਤੀਨਿਧੀਆਂ ਨੂੰ ਵੋਟ ਪਾ ਕੇ ਵਧੀਆ ਨੇਤਾ ਚੁਣਨ ਦਾ ਸੁਨੇਹਾ ਦਿੱਤਾ ਤਾਂ ਕੇ ਸੰਸਦ ਵਿੱਚ ਅਪਰਾਧਿਕ ਪਿਛੋਕੜ ਵਾਲ਼ਾ ਕੋਈ ਮਨੁੱਖ ਨਾ ਪੁਹੰਚ ਸਕੇ। ਉੱਘੇ ਕਹਾਣੀਕਾਰ ਰਵਿੰਦਰ ਚੋਟ ਜੀ ਨੇ ਦਿਲਚਸਪ ਅੰਦਾਜ਼ ਵਿੱਚ ਹਰ ਜੀਵ ਦੇ ਜਨਮ ਅਤੇ ਮਰਨ ‘ਤੇ ਰੁੱਖ ਲਗਾਉਣ ਦਾ ਸੱਦਾ ਦਿੱਤਾ। ਐਡਵੋਕੇਟ ਐੱਸ. ਐੱਲ. ਵਿਰਦੀ ਜੀ ਨੇ ਬੋਧੀ ਦੇਸਾਂ ਵਾਂਗ ਹਰ ਤਿੱਥ – ਤਿਉਹਾਰ, ਖ਼ੁਸ਼ੀ – ਗ਼ਮੀ ਦੇ ਮੌਕੇ ਤੇ ਰੁੱਖ ਲਗਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਦੇ ਅਰੰਭ ਤੋਂ ਪਹਿਲਾਂ ਪੌਦੇ ਲਗਾਉਣ ਦੀ ਰੀਤ ਪਾਈ ਜਾਵੇ ਅਤੇ ਹਰ ਵਿਅਕਤੀ ਆਪਣੇ ਵਿੱਤ ਅਤੇ ਸਮਰੱਥਾ ਅਨੁਸਾਰ ਇਸ ਪਵਿੱਤਰ ਕਾਰਜ ਵਿਚ ਯੋਗਦਾਨ ਦੇਣ। ਸੰਸਥਾ ਪ੍ਰਧਾਨ ਕਮਲੇਸ਼ ਸੰਧੂ ਨੇ ਕਿਹਾ ਕਿ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵਧੀਆ ਅਤੇ ਮਿਆਰੀ ਸਾਹਿਤਕ ਰਚਨਾਵਾਂ ਸਾਹਿਤ ਦੀ ਝੋਲੀ ਪਾਉਣ ਲਈ ਵਚਨਬੱਧ ਹੈ। ਉਹਨਾਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲ਼ੀਆਂ ਸਮੂਹ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪਰਵਿੰਦਰ ਜੀਤ ਸਿੰਘ ਨੇ ਬਾਖ਼ੂਬੀ ਨਿਭਾਈ।ਇਸ ਮੌਕੇ ਐਡਵੋਕੇਟ ਐੱਸ.ਐੱਲ ਵਿਰਦੀ , ਗੁਰਨਾਮ ਬਾਵਾ, ਲਾਲੀ ਕਰਤਾਰਪੁਰੀ, ਜਸਵਿੰਦਰ ਫਗਵਾੜਾ, ਸੁਖਦੇਵ ਸਿੰਘ ਭੱਟੀ, ਸੋਢੀ ਸੱਤੋਵਾਲੀ, ਅਸ਼ੋਕ ਟਾਂਡੀ, ਰਵਿੰਦਰ ਚੋਟ, ਮਨਦੀਪ ਸਿੰਘ, ਸੁਖਵਿੰਦਰ ਕੌਰ ਸੁੱਖੀ, ਸਾਹਿਬਾ ਜੀਟਨ ਕੌਰ, ਪ੍ਰੀਤ ਕੌਰ ਪ੍ਰੀਤੀ, ਸ਼ਾਮ ਸਰਗੂੰਦੀ, ਲਸ਼ਕਰ ਢੰਡਵਾੜਵੀ, ਰਵਿੰਦਰ ਸਿੰਘ ਰਾਏ, ਡਾ.ਇੰਦਰਜੀਤ ਸਿੰਘ ਵਾਸੂ, ਬਚਨ ਗੁੜਾ, ਸੁਖਦੇਵ ਸਿੰਘ ਗੰਢਵਾ, ਦਲਜੀਤ ਮਹਿਮੀ ਕਰਤਾਰਪੁਰ, ਅਸ਼ੋਕ ਸ਼ਰਮਾ, ਪਵਨ ਰਾਣਾ , ਨੱਕਾਸ਼ ਚਿੱਤੇਵਾਣੀ, ਸੁਖਦੇਵ ਸਿੰਘ ਭੱਟੀ, ਹਰਜਿੰਦਰ ਨਿਆਣਾ, ਸੋਨਿਕਾ ਰਾਣੀ, ਦੇਵ ਦਾਦਰ, ਜਰਨੈਲ ਸਿੰਘ ਸਾਖੀ, ਬਲਦੇਵ ਰਾਜ ਕੋਮਲ, ਕੁਲਦੀਪ ਸਿੰਘ, ਪ੍ਰਭਲੀਨ ਕੌਰ ਆਦਿ ਹਾਜ਼ਰ ਸਨ।