ਫਗਵਾੜਾ,(ਸ਼ਿਵ ਕੋੜਾ): ਰੋਟਰੀ ਕਲੱਬ ਫਗਵਾੜਾ ਜੈਮਸ ਦੀ ਸਾਲ 2024-25 ਦੀ ਪਹਿਲੀ ਮੀਟਿੰਗ ਸਥਾਨਕ ਹੋਟਲ ਪੂਨਮ ਵਿਖੇ ਹੋਈ। ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਵਿਸ਼ਵ ਸ਼ਾਂਤੀ ਲਈ ਮੌਨ ਪ੍ਰਾਰਥਨਾ ਕੀਤੀ ਗਈ। ਜਿਸ ਤੋਂ ਬਾਅਦ ਪਵਨ ਕੁਮਾਰ ਕਾਲੜਾ (ਕੈਮਲ ਆਟਾ) ਨੇ ਅਗਲੇ ਵਰ੍ਹੇ ਲਈ ਕਲੱਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਨਾਲ ਹੀ ਸਮੂਹ ਕਲੱਬ ਮੈਂਬਰਾਂ ਨੇ ਕੇਕ ਕੱਟ ਕੇ ਸ੍ਰੀ ਕਾਲੜਾ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਉਪਰੰਤ ਕਲੱਬ ਵੱਲੋਂ ਵਿਸ਼ਵ ਪਲਾਸਟਿਕ ਮੁਕਤ ਦਿਵਸ ਦੇ ਸਬੰਧ ‘ਚ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਨਗਰ ਨਿਗਮ ਫਗਵਾੜਾ ਦੇ ਸਹਾਇਕ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਲਾਸਟਿਕ ਦੀ ਵਰਤੋਂ ਮਨੁੱਖੀ ਜੀਵਨ ਲਈ ਬੇਹੱਦ ਖਤਰਨਾਕ ਹੈ। ਪਲਾਸਟਿਕ ਦੀ ਵਰਤੋਂ ਨਾ ਸਿਰਫ ਮਨੁੱਖੀ ਸਿਹਤ ’ਤੇ ਮਾੜਾ ਪ੍ਰਭਾਵ ਪਾਉਂਦੀ ਹੈ ਬਲਕਿ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ ਅਤੇ ਜੁਰਮਾਨੇ ਦੀ ਵਿਵਸਥਾ ਵੀ ਹੈ, ਪਰ ਜਾਗਰੂਕਤਾ ਦੀ ਘਾਟ ਕਾਰਨ ਅੱਜ ਵੀ ਪਲਾਸਟਿਕ ਦੀ ਵਰਤੋਂ ਵੱਡੇ ਪੱਧਰ ’ਤੇ ਹੋ ਰਹੀ ਹੈ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅਹਿਮ ਰੋਲ ਅਦਾ ਕਰਕੇ ਜਾਗਰੂਕਤਾ ਫੈਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਰੋਟਰੀ ਕਲੱਬ ਫਗਵਾੜਾ ਜੈਮਸ ਵੱਲੋਂ ਸਾਲ ਦੇ ਪਹਿਲੇ ਪ੍ਰੋਜੈਕਟ ਤਹਿਤ ਇਸ ਵਿਸ਼ੇ ’ਤੇ ਵਿਚਾਰ ਚਰਚਾ ਦਾ ਆਯੋਜਨ ਕਰਨ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਮੈਂਬਰਾਂ ਨੇ ਸਹਾਇਕ ਕਮਿਸ਼ਨਰ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਦੀ ਤਰਸਯੋਗ ਹਾਲਤ ਤੋਂ ਜਾਣੂ ਕਰਵਾਇਆ। ਜਿਸ ’ਤੇ ਸਹਾਇਕ ਕਮਿਸ਼ਨਰ ਨੇ ਸਫਾਈ ਵਿਵਸਥਾ ਨੂੰ ਸੁਧਾਰਨ ਲਈ ਯੋਗ ਕਦਮ ਚੁੱਕਣ ਦਾ ਭਰੋਸਾ ਦਿੱਤਾ। ਸਟੇਜ ਦੀ ਸੇਵਾ ਨਿਭਾਉਂਦੇ ਹੋਏ ਕਲੱਬ ਦੇ ਸਾਬਕਾ ਪ੍ਰਧਾਨ ਸਤੀਸ਼ ਜੈਨ ਨੇ ਕਿਹਾ ਕਿ ਕਲੱਬ ਵੱਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਵਿੱਚ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਕਲੱਬ ਦੇ ਸਕੱਤਰ ਰਾਕੇਸ਼ ਸੂਦ ਨੇ ਹਾਜ਼ਰੀਨ ਨੂੰ ਕਲੱਬ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸ਼ਹਿਰ ਦੇ ਪਤਵੰਤੇ ਅਜੀਤ ਸਿੰਘ ਵਾਲੀਆ ਉਦਯੋਗਪਤੀ, ਦਲੀਪ ਸ਼ਰਮਾ ਐਡਵੋਕੇਟ, ਅਸ਼ੀਸ਼ ਕਾਲੜਾ, ਬਲਦੇਵ ਸਚਦੇਵਾ ਅਤੇ ਤਰੁਣ ਗਰਗ ਨੂੰ ਕਲੱਬ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ। ਇਸ ਮੌਕੇ ਸਾਬਕਾ ਗਵਰਨਰ ਐਸ.ਪੀ. ਸੇਠੀ, ਸਾਬਕਾ ਪ੍ਰਧਾਨ ਆਈ.ਪੀ ਖੁਰਾਣਾ, ਵਿਜੇ ਸੌਂਧੀ, ਮਹਿੰਦਰ ਸੇਠੀ, ਸਾਬਕਾ ਪ੍ਰਧਾਨ ਨਿਖਿਲ ਗੁਪਤਾ, ਡਾ.ਚਿਮਨ ਅਰੋੜਾ, ਡਾ.ਰੋਹਿਤ ਚੋਪੜਾ, ਡਾ.ਜੀ.ਪੀ ਸਿੰਘ, ਹਰਭਜਨ ਸਿੰਘ ਲੱਕੀ, ਪੰਕਜ ਗੌਤਮ, ਗੌਰਵ ਸਹਿਦੇਵ, ਸੁਨੀਲ ਚਮ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਰਵਿੰਦਰ ਗੁਲਾਟੀ, ਰਾਕੇਸ਼ ਚਾਵਲਾ, ਮੇਜਰ ਵੀ.ਕੇ ਸੂਰੀ, ਨਿਖਿਲ ਵਧਵਾ ਆਦਿ ਹਾਜ਼ਰ ਸਨ।

Previous articleਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਆਰਮੀ ਅਤੇ ਪੁਲਿਸ ਵਿਚ ਭਰਤੀ ਲਈ ਮੁਫ਼ਤ ਟ੍ਰੇਨਿੰਗ ਸ਼ੁਰੂ : ਕੈਪਟਨ ਅਜੀਤ ਸਿੰਘ
Next articleजल शक्ति अभियान को क्रियान्वित करने वाले विभिन्न विभागों के साथ बैठक का आयोजन