ਪੀਡੀ ਆਰਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ “ਵਿਸ਼ਵ ਮਲੇਰੀਆ ਦਿਵਸ” ਮੌਕੇ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਵਿਸ਼ਵ ਮਲੇਰੀਆ ਦਿਵਸ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲੇ ਭਰ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਮਨਾਇਆ ਗਿਆ। ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਪੀ.ਡੀ ਆਰਿਆ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਵਿਖੇ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਟਿਮਾਟਿਨੀ ਆਹਲੂਵਾਲੀਆ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਜ਼ਿਲਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ, ਹੈਲਥ ਇੰਸਪੈਕਟਰ ਤਰਸੇਮ ਸਿੰਘ, ਜਸਵਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਮਲਟੀ ਪਰਪਜ ਮੇਲ ਹੈਲਥ ਵਰਕਰ ਸ਼ਾਮਿਲ ਹੋਏ। ਇਸ ਦੌਰਾਨ 15 ਵਿਦਿਆਰਥਣਾਂ ਵੱਲੋਂ ਪੋਸਰ ਮੇਕਿੰਗ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ ਗਿਆ। ਸੈਮੀਨਾਰ ਵਿੱਚ ਸੰਬੋਧਨ ਕਰਦਿਆ ਡਾ ਜਗਦੀਪ ਸਿੰਘ ਨੇ ਕਿਹਾ ਕਿ ਤਾਪਮਾਨ ਵਧਣ ਨਾਲ ਮੱਛਰਾਂ ਦਾ ਖ਼ਤਰਾ ਵੀ ਕਾਫੀ ਵਧ ਗਿਆ ਹੈ। ਮੱਛਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਮਲੇਰੀਆ ਇਹਨਾਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਹੈ ਜੋ ਗੰਭੀਰ ਮਾਮਲਿਆਂ ਵਿੱਚ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਮਲੇਰੀਆ ਬੁਖ਼ਾਰ ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਮਲੇਰੀਆਂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਰਾਤ ਵੇਲੇ ਕੱਟਦਾ ਹੈ। ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜਿਵੇਂ ਕਿ ਨਾਲੀਆਂ, ਛੱਪੜਾਂ ਤੇ ਪਾਣੀ, ਟੋਇਆਂ ਆਦਿ ਵਿੱਚ ਪਾਣੀ ਖੜਾ ਰਹੇ। ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਜ਼ਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ। ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾ ਢੱਕਿਆ ਰਹੇ। ਰਾਤ ਨੂੰ ਸੋਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਆਦਿ ਦੀ ਵਰਤੋ ਕੀਤੀ ਜਾਵੇ। ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮਲੇਰੀਆ ਮੁਕਤ ਸਮਾਜ ਬਣਾਉਣ ਲਈ ਸਭ ਦੀ ਹਿੱਸੇਦਾਰੀ ਜਰੂਰੀ ਹੈ ਤਾਂ ਹੀ 2025 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਰਾਜ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਹੈਲਥ ਇੰਸਪੈਕਟਰ ਤਰਸੇਮ ਸਿੰਘ ਨੇ ਕਿਹਾ ਕਿ ਮਲੇਰੀਆ ਦੇ ਸਭ ਤੋਂ ਆਮ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ ਅਤੇ ਠੰਢ ਲੱਗਣਾ ਸ਼ਾਮਲ ਹਨ। ਇਸ ਦੇ ਲੱਛਣ ਆਮ ਤੌਰ ‘ਤੇ ਲਾਗ ਵਾਲੇ ਮੱਛਰ ਦੇ ਕੱਟਣ ਦੇ 10-15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ। ਜੇਕਰ ਕਿਸੇ ਨੂੰ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਵੇ ਅਤੇ ਸਰੀਰ ਨੂੰ ਪਸੀਨਾ ਆਵੇ ਤਾਂ ਇਹ ਮਲੇਰੀਆ ਬੁਖਾਰ ਹੋ ਸਕਦਾ ਹੈ। ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ। ਸੈਮੀਨਾਰ ਦੌਰਾਨ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਦੀਆਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਅਤੇ ਸਮੂਹ ਭਾਗੀਦਾਰ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Previous articleखन्ना के मार्गदर्शन में बाबा औगढ कॉलेज जैजों में छात्राओं ने चलाया स्वच्छता अभियान
Next articleएसवीएन डीएवी स्कूल पंडोरी ने प्राप्त किया लगातार दूसरी बार कक्षा दसवीं की परीक्षा मे मेरिट लिस्ट में स्थान