ਫਗਵਾੜਾ,(ਸ਼ਿਵ ਕੋੜਾ): ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਸਥਾਨਕ ਰਿਜੋਰਟ ਵਿਖੇ ਹੋਈ। ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਮੈਂਬਰ ਪੰਚਾਇਤਾਂ ਅਤੇ ਨੰਬਰਦਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮੂਹ ਵਰਕਰਾਂ ਨੂੰ ਸੰਬੋਧਨ ਕਰਨ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਹਾਜਰ ਰਹੇ। ਉਹਨਾਂ ਦੇ ਨਾਲ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਭਾਜਪਾ ਉੱਮੀਦਵਾਰ ਅਨੀਤਾ ਸੋਮ ਪ੍ਰਕਾਸ਼ ਵੀ ਸਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸਮੂਹ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਪਿਛਲੇ ਪੰਜ ਸਾਲ ਦੌਰਾਨ ਸਮੁੱਚੇ ਹੁਸ਼ਿਆਰਪੁਰ ਲੋਕਸਭਾ ਹਲਕੇ ਦਾ ਬਹੁਤ ਵਿਕਾਸ ਕਰਵਾਇਆ ਹੈ। ਵੱਡੇ ਪ੍ਰੋਜੈਕਟ ਇਸ ਹਲਕੇ ਨੂੰ ਦੁਆਏ ਹਨ ਅਤੇ ਵਿਕਾਸ ਦਾ ਇਹ ਸਿਲਸਿਲਾ ਹੁਣ ਰੁਕਣਾ ਨਹੀਂ ਚਾਹੀਦਾ। ਇਸ ਲਈ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਕੇਂਦਰ ਵਿਚ ਤੀਸਰੀ ਵਾਰ ਭਾਰੀ ਬਹੁਮਤ ਦੇ ਨਾਲ ਭਾਜਪਾ ਦੀ ਸਰਕਾਰ ਸੱਤਾ ਵਿਚ ਵਾਪਸੀ ਕਰ ਰਹੀ ਹੈ ਅਤੇ ਸੱਤਾ ਧਿਰ ਦਾ ਮੈਂਬਰ ਪਾਰਲੀਮੈਂਟ ਹੀ ਹਲਕੇ ਦਾ ਵਧੀਆ ਵਿਕਾਸ ਕਰਵਾ ਸਕਦਾ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੋਕਸਭਾ ਚੋਣਾਂ ਵਿਚ ਆਪਣੀ ਹਾਰ ਸਾਫ ਨਜ਼ਰ ਆਉਣ ਲੱਗ ਪਈ ਹੈ। ਇਸ ਲਈ ਵੋਟਰਾਂ ਨੂੰ ਝੂਠ ਬੋਲ ਕੇ ਵਰਗਲਾਇਆ ਜਾ ਰਿਹਾ ਹੈ ਕਿ ਭਾਜਪਾ ਸੱਤਾ ਵਿਚ ਆਈ ਤਾਂ ਸੰਵਿਧਾਨ ਬਦਲ ਦੇਵੇਗੀ ਜਾਂ ਰਾਖਵਾਂਕਰਣ ਖਤਮ ਕਰ ਦੇਵੇਗੀ ਜਦਕਿ ਪਿਛਲੇ ਦੱਸ ਸਾਲ ਵਿਚ ਡਾ.ਬੀ.ਆਰ ਅੰਬੇਡਕਰ ਦੇ ਸੰਵਿਧਾਨ ਦਾ ਭਾਜਪਾ ਨੇ ਸਭ ਤੋਂ ਵੱਧ ਸਤਿਕਾਰ ਕੀਤਾ ਹੈ। ਜਦਕਿ ਸੰਵਿਧਾਨ ਨਾਲ ਛੇੜਛਾੜ ਅਤੇ ਓ.ਬੀ.ਸੀ ਕੋਟੇ ਦਾ ਰਾਖਵਾਂਕਰਣ ਖੋਹਣ ਦਾ ਕੰਮ ਕਾਂਗਰਸ ਪਾਰਟੀ ਕਰਦੀ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਂਛਟਾ ਮੰਡਲ ਪ੍ਰਧਾਨ ਗਗਨ ਸੋਨੀ, ਹਰਮੇਸ਼ ਲਾਲ ਅਤੇ ਸੁਖਵਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਆਪ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਫਸਲਾਂ ਲਈ ਐਮ.ਐਸ.ਪੀ. ਕਾਨੂੰਨ ਬਨਾਉਣ ਦੀ ਗਾਰੰਟੀ ਦਿੱਤੀ ਸੀ ਪਰ ਭਗਵੰਤ ਮਾਨ ਸਰਕਾਰ ਨੇ ਇਹ ਗਾਰੰਟੀ ਪੂਰੀ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਸ ਲਈ ਆਪ ਪਾਰਟੀ ਦੇ ਕਿਸੇ ਵੀ ਝੂਠ ਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ। ਭਾਜਪਾ ਉੱਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਹੁਸ਼ਿਆਰਪੁਰ ਲੋਕਸਭਾ ਹਲਕੇ ‘ਚ ਉਹਨਾਂ ਦੇ ਪਤੀ ਸੋਮ ਪ੍ਰਕਾਸ਼ ਨੇ ਕੇਂਦਰੀ ਮੰਤਰੀ ਰਹਿੰਦੇ ਹੋਏ ਵਿਕਾਸ ਦੇ ਜੋ ਕੰਮ ਸ਼ੁਰੂ ਕਰਵਾਏ ਹਨ ਉਹਨਾਂ ਨੂੰ ਪੂਰਾ ਕਰਵਾਉਣਾ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ। ਮੀਟਿੰਗ ਦੌਰਾਨ ਹਾਜਰ ਸਰਪੰਚਾਂ, ਪੰਚਾਂ, ਨੰਬਰਦਾਰਾਂ ਅਤੇ ਕਿਸਾਨਾਂ ਨੇ ਭਰੋਸਾ ਦਿੱਤਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਵਰਗਲਾਵੇ ਵਿਚ ਨਹੀਂ ਆਉਣਗੇ ਅਤੇ 1 ਜੂਨ ਨੂੰ ‘ਕਮਲ ਦੇ ਫੁੱਲ’ ਦੇ ਚੋਣ ਨਿਸ਼ਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅਨੀਤਾ ਸੋਮ ਪ੍ਰਕਾਸ਼ ਦੀ ਜਿੱਤ ਯਕੀਨੀ ਬਨਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੇਅਰ ਅਰੁਣ ਖੋਸਲਾ, ਚੰਦਰੇਸ਼ ਕੌਲ, ਸੋਨੂੰ ਰਾਵਲਪਿੰਡੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ, ਭਾਜਯੁਮੋ, ਮਹਿਲਾ ਮੋਰਚਾ ਤੇ ਕਿਸਾਨ ਮੋਰਚਾ, ਐਸ.ਸੀ. ਮੋਰਚਾ ਦੇ ਵਰਕਰ ਤੇ ਅਹੁਦੇਦਾਰ ਹਾਜਰ ਸਨ।

Previous articleਬੱਸੀ ਕਲਾਂ ਸਕੂਲ ’ਚ ਸਵੀਪ ਪ੍ਰੋਗਰਾਮ ਤਹਿਤ ਲਗਾਇਆ ਮੇਲਾ
Next articleਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਕੰਮ ਨਾਲੋ-ਨਾਲ ਜਾਰੀ : ਡੀਸੀ ਕੋਮਲ ਮਿੱਤਲ