ਫ਼ਾਲ ਅਰਮੀਵਰਮ ਕੀੜੇ ਦੀ ਮੱਕੀ ਦੀ ਫ਼ਸਲ ਤੇ ਰੋਕਥਾਮ ਲਈ ਜ਼ਰੂਰੀ ਨੁਕਤੇ : ਰਾਜਿੰਦਰ ਕੁਮਾਰ

ਪਠਾਨਕੋਟ,(ਬਿੱਟਾ ਕਾਟਲ): ਪੰਜਾਬ ਸੂਬੇ ਵਿੱਚ ਫ਼ਾਲ ਆਰਮੀਵਰਮ ਨਾਮ ਦਾ ਕੀੜਾ ਬਹਾਰ ਰੁੱਤ ਦੀ ਅਤੇ ਚਾਰੇ ਵਾਲੀ ਮੱਕੀ ਦੀ ਫ਼ਸਲ ਤੇ ਆਉਣ ਦਾ ਖਦਸ਼ਾ ਹੈ। ਇਹ ਕੀੜਾ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿੱਚ ਬੀਜੀ ਹੋਈ ਸਰਦ ਰੁੱਤ ਦੀ ਮੱਕੀ ਦੀ ਫ਼ਸਲ ਤੋਂ ਵੀ ਆ ਸਕਦਾ ਹੈ। ਮਾਨਯੋਗ ਡਿਪਟੀ ਕਮਿਸ਼ਨਰ ਸ਼.ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਰਾਜਿੰਦਰ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾਂ ਪਠਾਨਕੋਟ ਅਧੀਨ ਮੱਕੀ ਦੀ ਫ਼ਸਲ ਹੇਠ ਰਕਬਾ ਲੱਗਭਗ 7000 ਹੈਕਟੇਅਰ ਹੈ। ਇਸ ਕਰਕੇ ਕਿਸਾਨਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਪਣੇ ਮੱੱਕੀ ਦੇ ਖੇਤਾਂ ਦਾ ਚੰਗੀ ਤਰ੍ਹਾਂ ਨਿਰੰਤਰ ਸਰਵੇਖਣ ਕਰਕੇ ਸਥਿਤੀ ਅਨੁਸਾਰ ਰੋਕਥਾਮ ਕਰਨ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੀੜੇ ਦੀ ਸੁੰਡੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸੁੰਡੀਆਂ ਦੀ ਪਹਿਚਾਣ ਇਸ ਦੇ ਪੂਛ ਦੇ ਲਾਗੇ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ (Y) ਦੇ ਉਲਟੇ ਨਿਸ਼ਾਨ ਤੋਂ ਹੋ ਜਾਂਦੀ ਹੈ। ਸੁੰਡੀ ਗੋਭ ਵਾਲੇ ਪੱਤਿਆਂ ਨੂੰ ਖਾਂਦੀ ਹੈ ਅਤੇ ਵੱਡੀਆਂ—ਵੱਡੀਆਂ ਅੰਡਾਕਾਰ ਮੋਰੀਆਂ ਬਣਾਉਂਦੀ ਹੈ। ਇਹ ਪੱਤਿਆਂ ਨੂੰ ਖਾ ਕੇ ਲੱਗਭਗ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ।ਕਿਸਾਨ ਵੀਰਾਂ ਨੂੰ ਕੁੱਝ ਕਾਸ਼ਤਕਾਰੀ ਉਪਰਾਲੇ ਕਰਨੇੇ ਚਾਹੀਦੇ ਹਨ। ਪਹਿਲਾ ਅਸੀਂ ਕਾਸ਼ਤਕਾਰੀ ਉਪਰਾਲੇ ਜਿਵੇਂ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ 1 ਫਰਵਰੀ ਤੋਂ 15 ਫਰਵਰੀ ਵਿੱਚ ਹੀ ਕਰੋ, ਤਾਂ ਜੋ ਕੀੜੇ ਨੂੰ ਮੱਕੀ ਦੀ ਲਗਾਤਾਰ ਉੱਪਲਬਧਤਾ ਦਾ ਸਮਾਂ ਘਟਾਇਆ ਜਾ ਸਕੇ। ਚਾਰੇ ਵਾਲੀ ਮੱਕੀ ਦੀ ਬਿਜਾਈ ਮਾਰਚ ਤੋਂ ਸਤੰਬਰ ਦੀ ਬਜਾਏ ਅੱਧ ਅਪ੍ਰੈਲ ਤੋਂ ਅੱਧ ਅਗਸਤ ਤੱਕ ਸੀਮਿਤ ਕਰੋ। ਬਹਾਰ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤ ਵਿੱਚ ਚਾਰੇ ਜਾਂ ਸਾਈਲੇਜ਼ ਲਈ ਮੱਕੀ ਨਾ ਬੀਜਣ ਅਤੇ ਚਾਰੇ ਵਾਲੀ ਮੱਕੀ ਵਿੱਚ ਅਤਿ—ਸੰਘਣੀ ਬਿਜਾਈ ਤੋਂ ਗੁਰੇਜ਼ ਕਰੋ ਅਤੇ ਸਿਫਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਕਤਾਰਾਂ ਵਿੱਚ ਬਿਜਾਈ ਲਈ ਵਰਤੋਂ। ਉਨ੍ਹਾਂ ਦੱਸਿਆ ਕਿ ਕੀੜੇ ਦਾ ਤੇਜ਼ੀ ਨਾਲ ਫੈਲਾਅ ਰੋਕਣ ਲਈ ਚਾਰੇ ਵਾਲੀ ਮੱਕੀ ਵਿੱਚ ਰਵਾਂਹ/ਬਾਜਰਾ/ਜੁਆਰ ਰਲਾ ਕੇ ਹੀ ਬੀਜੋ ਫ਼ਾਲ ਆਰਮੀਵਰਮ ਦਾ ਹਮਲਾ ਹੋਣ ਸਾਰ ਹੀ ਛੋਟੀਆਂ ਸੁੰਡੀਆਂ ਦੀ ਰੋਕਥਾਮ ਲਈ ਬੀ.ਟੀ ਜਿਵਾਣੂ ਕੀਟਨਾਸ਼ਕ ਨੂੰ 2 ਗ੍ਰਾਮ ਪ੍ਰਤੀ ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇ ਹਮਲਾ 5 ਪ੍ਰਤੀਸ਼ਤ ਤੋਂ ਜਿਆਦਾ ਹੋਵੇ ਜਾਂ ਸੁੰਡੀਆਂ ਵੱਡੀਆਂ ਹੋਣ ਤਾਂ ਦਾਣਿਆਂ ਵਾਲੀ ਫ਼ਸਲ ਤੇ ਕੀਟਨਾਸ਼ਕ ਕੋਰਾਜਨ 18.5 ਐਸ.ਸੀ (ਕਲੋਰੈਂਟਰਾਨਿਲੀਪਰੋਲ) ਨੂੰ 0.4 ਮਿਲੀਲਿਟਰ ਜਾਂ ਡੈਲੀਗੇਟ 11.7 ਐਸ.ਸੀ (ਸਪਾਈਨਟੋਰਮ) ਨੂੰ 0.5 ਮਿਲੀਲਿਟਰ ਜਾਂ ਮਿਜ਼ਾਈਲ 5 ਐਸ.ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 0.4 ਗ੍ਰਾਮ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਚਾਰੇ ਵਾਲੀ ਫ਼ਸਲ ਉੱਪਰ ਬੀ. ਟੀ. ਜਿਵਾਣੂ ਕੀਟਨਾਸ਼ਕ ਨੂੰ 2 ਗ੍ਰਾਮ ਪ੍ਰਤੀ ਲਿਟਰ ਪਾਣੀ ਜਾਂ ਕੋਰਾਜਨ 18.5 ਐਸ.ਸੀ (ਕਲੋਰੈਂਟਰਾਨਿਲੀਪਰੋਲ) ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਸ ਕੀਟਨਾਸ਼ਕ ਦਾ ਛਿੜਕਾਅ 40 ਦਿਨਾਂ ਦੀ ਫ਼ਸਲ ਤੋਂ ਬਾਅਦ ਨਾ ਕਰੋ।ਕੀੜੇ ਦੀ ਕਾਰਗਰ ਰੋਕਥਾਮ ਲਈ ਗੋਭ ਵੱਲ ਨੂੰ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਉੱਪਰ 120 ਲਿਟਰ ਪਾਣੀ ਅਤੇ ਇਸ ਤੋਂ ਵੱਡੀ ਫ਼ਸਲ ਉੱਪਰ 200 ਲੀਟਰ ਪਾਣੀ  ਪ੍ਰਤੀ ਏਕੜ ਦੀ ਵਰਤੋਂ ਕਰਨੀ ਲਾਜ਼ਮੀ ਹੈ।ਕੀਟਨਾਸ਼ਕ ਦੇ ਛਿੜਕਾਅ ਤੋਂ ਬਾਅਦ ਘੱਟੋ—ਘੱਟ 21 ਦਿਨ ਤੱਕ ਮੱਕੀ ਦੇ ਚਾਰੇ ਲਈ ਵਰਤੋਂ ਨਾ ਕਰੋ।ਇਨ੍ਹਾਂ ਸਭ ਨੁਕਤਿਆਂ ਰਾਹੀਂ ਅਸੀ ਫ਼ਾਲ ਆਰਮੀਵਰਮ ਕੀੜੇ ਤੋਂ ਮੱਕੀ ਦੀ ਫ਼ਸਲ ਦੀ ਰੋਕਥਾਮ ਕਰ ਸਕਦੇ ਹਾਂ।

Previous articleफिल्लौर में अमानवीयता
Next articleਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਦਿਆ ਨਹੀਂ ਸਗੋਂ ਹੌਂਸਲਾ ਤੇ ਸਹਾਇਤਾ ਦੀ ਜ਼ਰੂਰਤ: ਵਿਭੂਤੀ ਸ਼ਰਮਾ