ਏਡੀਸੀ ਤੇ ਹੋਰ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਪੌਦੇ ਲਗਾ ਕੇ ਗ੍ਰੀਨ ਚੋਣਾਂ ਦੀ ਕੀਤੀ ਸ਼ੁਰੂਆਤ
ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਜ਼ਿਲ੍ਹੇ ਵਿਚ ਵੋਟਰਾਂ ਨੂੰ ਗ੍ਰੀਨ ਚੋਣਾਂ ਲਈ ਉਤਸ਼ਾਹਿਤ ਕਰਨ ਲਈ ਜਿਥੇ ਗ੍ਰੀਨ ਬੂਥ ਬਣ ਰਹੇ ਹਨ, ਉਥੇ ਲੋਕਾਂ ਨੂੰ ਵੀ ਪੌਦੇ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗ੍ਰੀਨ ਬੂਥ ਸੰਕਲਪ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਇਸ ਮੁਹਿੰਮ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਰਾਹੁਲ ਚਾਬਾ ਨੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਲੋਕ ਸਭਾ ਖੇਤਰ ਹੁਸ਼ਿਆਰਪੁਰ ਵਿਚ ਗ੍ਰੀਨ ਚੋਣਾਂ ਦੀ ਸ਼ੁਰੂਆਤ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਦੇ ਵਿਹੜੇ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਪ੍ਰਮੁੱਖ ਇੰਡਸਟਰੀ ਸੋਨਾਲੀਕਾ ਉਦਯੋਗ ਸਮੂਹ ਦੇ ਪ੍ਰੋਜੈਕਟ ‘ਆਈ ਲਵ ਹੁਸ਼ਿਆਰਪੁਰ’ ਤਹਿਤ ਅੱਜ ਮਿੰਨੀ ਸਕੱਤਰੇਤ ਅਤੇ ਇਸ ਦੇ ਨਜ਼ਦੀਕ 50 ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਗ੍ਰੀਨ ਬੂਥ ਮਹਿਲਾਂਵਾਲੀ ਵਿਚ ਤਕਰੀਬਨ 20 ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰੀਨ ਬੂਥ ’ਤੇ 300 ਪੌਦੇ ਰੱਖੇ ਜਾਣਗੇ, ਇਹ ਪੌਦੇ ਵੋਟਰਾਂ ਨੂੰ ਤੋਹਫੇ ਦੇ ਰੂਪ ਵਿਚ ਭੇਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ ਦੋ-ਦੋ ਬੂਥ ਵਿਸ਼ੇਸ਼ ਰੂਪ ਨਾਲ ਸਜਾਏ ਗਏ ਹਨ ਅਤੇ ਸੈਲਫੀ ਪੁਆਇੰਟ ਵੀ ਲਗਾਏ ਗਏ ਹਨ। ਨੌਜਵਾਨ ਵਿਸ਼ੇਸ਼ ਬੂਥ ’ਤੇ ਜਾ ਕੇ ਵੋਟਿੰਗ ਕਰ ਰਹੇ ਹਨ, ਤਾਂ ਮਹਿਲਾਵਾਂ ਪਿੰਕ ਬੂਥ ’ਤੇ ਜਾ ਕੇ ਲੋਕਤੰਤਰ ਵਿਚ ਆਪਣੀ ਭਾਗੀਦਾਰੀ ਦੀ ਸ਼ਕਤੀ ਦਾ ਅਹਿਸਾਸ ਕਰਵਾ ਰਹੀਆਂ ਹਨ। ਉਥੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਥਾਂ-ਥਾਂ ਗ੍ਰੀਨ ਬੂਥ ਵੀ ਬਣਾਏ ਗਏ ਹਨ। ਵਿਧਾਨ ਸਭਾ ਖੇਤਰ ਹੁਸ਼ਿਆਰਪੁਰ ਵਿਚ ਮਹਿਲਾਵਾਲੀ, ਮੁਕੇਰੀਆਂ ਵਿਚ ਹਰਸੇ ਮਾਨਸਰ, ਚੱਬੇਵਾਲ ਵਿਚ ਹੰਦੋਵਾਲ ਕਲਾਂ, ਉੜਮੁੜ ਵਿਚ ਦੇਹਰੀਵਾਲ, ਵਾਰਡ ਨੰਬਰ 8 ਮਾਹਿਲਪੁਰ, ਨੂਰਪੁਰ ਜੱਟਾਂ, ਪਦਰਾਣਾ, ਨਗਰ ਨਿਗਮ ਦਫ਼ਤਰ ਕਸਬਾ ਗੜ੍ਹਸ਼ੰਕਰ ਵਿਚ ਗ੍ਰੀਨ ਬੂਥ ਬਣਾਏ ਗਏ ਹਨ, ਜਿਥੇ ਵੋਟਰਾਂ ਨੂੰ ਪੌਦੇ ਕੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਨੌਜਵਾਨ ਪ੍ਰਬੰਧਿਤ ਬੂਥ, ਮਹਿਲਾਵਾਂ ਲਈ ਪਿੰਕ ਬੂਥ ਅਤੇ ਵਾਤਾਵਰਣ ਦੀ ਸੰਭਾਲ ਲਈ ਗ੍ਰੀਨ ਬੂਥ ਬਣਾ ਕੇ ਵੋਟਰਾਂ ਨੂੰ ਵੋਟ ਬੂਥ ਤੱਕ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਪ੍ਰਿੰਸੀਪਲ ਰਾਕੇਸ਼ ਕੁਮਾਰ, ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨਿਕੇਸ਼ ਰਜਨੀਸ਼ ਕੁਮਾਰ ਗੁਲਿਆਨੀ, ਨੀਰਜ ਧੀਮਾਨ, ਬਲਜੀਤ ਸਿੰਘ, ਯਾਦਵਿੰਦਰ ਸਿੰਘ ਅਸਿਸਟੈਂਟ ਮੈਨੇਜਰ ਸੋਨਾਲੀਕਾ, ਰੇਖਾ ਸ਼ਰਮਾ ਅਸਿਸਟੈਂਟ ਮੈਨੇਜਰ ਸੋਨਾਲੀਕਾ, ਅਮਿਤ ਗਿੱਲ, ਅੰਜੂ ਸੈਣੀ, ਵੰਦਨਾ, ਤ੍ਰਿਭੁਵਨ ਪ੍ਰਸਾਦ, ਸੁਮਿਤ, ਵਿਜੇ, ਅਮਰਪਾਲ, ਵਿਨੋਦ, ਨਰੇਸ਼ ਆਦਿ ਵੀ ਮੌਜੂਦ ਸਨ।