ਫਗਵਾੜਾ,(ਸ਼ਿਵ ਕੋੜਾ): ਫਗਵਾੜਾ ਦੇ ਮੇਹਲੀ ਗੇਟ ਸਥਿਤ ਸ਼੍ਰੀ ਕ੍ਰਿਸ਼ਨ ਗਉਸ਼ਾਲਾ ਵਿਖੇ ਬੀਤੀ ਰਾਤ ਗਊਆਂ ਦੀ ਵੱਡੀ ਗਿਣਤੀ ‘ਚ ਅਚਾਨਕ ਹੋਈ ਮੌਤ ਨੂੰ ਲੈ ਕੇ ਵਿਚਾਰ ਰੱਖਦਿਆਂ ਸ਼ਹਿਰ ਦੇ ਉੱਘੇ ਨੌਜਵਾਨ ਐਡਵੋਕੇਟ ਰੋਹਿਤ ਸ਼ਰਮਾ ਨੇ ਕਿਹਾ ਕਿ ਪਹਿਲੀ ਨਜ਼ਰੇ ਤੱਥਾਂ ਨੂੰ ਦੇਖਦੇ ਹੋਏ ਇਹ ਘਟਨਾ ਕਿਸੇ ਸਾਜਿਸ਼ ਦਾ ਨਤੀਜਾ ਪ੍ਰਤੀਤ ਹੁੰਦੀ ਹੈ। ਪਰ ਫਿਰ ਵੀ ਇਸ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਪਿੱਛੇ ਸਮਾਜ ਵਿਰੋਧੀ ਅਨਸਰ, ਸਿਆਸਤ ਜਾਂ ਕੋਈ ਹੋਰ ਕਾਰਨ ਵੀ ਹੋ ਸਕਦੇ ਹਨ। ਜਿਹਨਾਂ ਦੀ ਸੱਚਾਈ ਡੁੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ। ਉਹਨਾਂ ਕਿਹਾ ਕਿ ਮੌਤ ਦਾ ਕਾਰਨ ਜੋ ਵੀ ਹੋਵੇ ਪਰ ਇਹ ਬਹੁਤ ਮੰਦਭਾਗੀ ਗੱਲ ਹੈ ਅਤੇ ਵੀਡੀਓ ਕਲਿਪ ਸਪਸ਼ਟ ਕਰ ਰਹੇ ਹਨ ਕਿ ਇਹ ਮੌਤਾਂ ਨੈਚੁਰਲ ਤਾਂ ਨਹੀਂ ਹਨ। ਉਹਨਾਂ ਕਿਹਾ ਕਿ ਸਨਾਤਨ ਸਮਾਜ ਵਿਚ ਖਾਸ ਤੌਰ ਤੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਗਊ ਨੂੰ ਬਹੁਤ ਸਤਿਕਾਰ ਦਿੰਦੇ ਹਨ। ਹਿੰਦੂ ਸਮਾਜ ਤਾਂ ਗਊ ਨੂੰ ਮਾਂ ਦੇ ਬਰਾਬਰ ਦਰਜਾ ਦਿੰਦਾ ਹੈ। ਇਸ ਲਈ ਪੰਜਾਬ ਸਰਕਾਰ ਦਾ ਇਹ ਫਰਜ਼ ਹੈ ਕਿ ਗਊ ਪੂਜਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ। ਜੇਕਰ ਇਸ ਘਟਨਾਂ ਦੇ ਪਿੱਛੇ ਕਿਸੇ ਤਰ੍ਹਾਂ ਦੀ ਵੀ ਸਾਜਿਸ਼ ਹੈ ਤਾਂ ਦੋਸ਼ੀਆਂ ਨੂੰ ਸਖਤ ਸਜਾ ਮਿਲਣੀ ਜਰੂਰੀ ਹੈ।