ਬੱਚਿਆਂ ਨੂੰ ਜਾਨਲੇਵਾ ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਬਹੁਤ ਮਹਤਵਪੂਰਣ: ਡਾ.ਸੀਮਾ ਗਰਗ

ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਟੀਕਾਕਰਨ ਮੁਹਿੰਮ ਦੀ 50ਵੀਂ ਵਰ੍ਹੇਗੰਢ ਮੌਕੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮਨਾਏ ਜਾ ਰਹੇ “ਵਿਸ਼ਵ ਟੀਕਾਕਰਨ ਹਫਤੇ” ਦੀ ਰਸਮੀ ਸ਼ੁਰੂਆਤ ਜ਼ਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵੱਲੋਂ ਭਗਤ ਨਗਰ ਸਲਮ ਏਰੀਏ ਦੇ ਵਸਨੀਕਾਂ ਨੂੰ ਟੀਕਾਕਰਨ ਬਾਰੇ ਜਾਗਰੂਕ ਕਰਕੇ ਕੀਤੀ ਗਈ। ਇਸ ਦੌਰਾਨ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ। ਜਾਗਰੂਕ ਕਰਦਿਆਂ ਡਾ ਸੀਮਾ ਗਰਗ ਨੇ ਦੱਸਿਆ ਕਿ ਜਨਤਕ ਸਿਹਤ ਲਈ ਟੀਕਾਕਰਨ ਪ੍ਰੋਗਰਾਮ ਇਕ ਮਜ਼ਬੂਤ ਬੁਨਿਆਦ ਦੇ ਰੂਪ ਵਿਚ ਉੱਭਰਿਆ ਹੈ ਜੋ ਕਿ ਮਾਰੂ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ।ਉਨਾਂ ਕਿਹਾ ਕਿ ਬੱਚਿਆਂ ਨੂੰ ਵੱਖ ਵੱਖ 11 ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਬਹੁਤ ਜਰੂਰੀ ਹੈ ਜੋ ਕਿ ਸਾਰੇ ਸਿਹਤ ਕੇਂਦਰਾਂ ਤੇ ਸਰਕਾਰੀ ਹਦਾਇਤਾਂ ਮੁਤਾਬਿਕ ਮੁਫਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਜਿਨਾਂ ਦਾ ਕੋਈ ਟੀਕਾ ਕਿਸੇ ਕਾਰਨ ਕਰਕੇ ਰਹਿ ਗਿਆ ਹੋਵੇ ਉਹ 24 ਤੋਂ 30 ਅਪ੍ਰੈਲ ਤੱਕ ਲਗਾਏ ਜਾ ਰਹੇ ਵਿਸ਼ੇਸ਼ ਟੀਕਾਕਰਨ ਕੈਂਪਾਂ ਵਿੱਚ ਜਾ ਕੇ ਜਲਦ ਤੋਂ ਜਲਦ ਇਹ ਟੀਕੇ ਲਗਵਾਉਣੇ ਸੁਨਿਸ਼ਚਤ ਕਰਨ। ਉਨਾਂ ਸਲਮ ਏਰੀਏ ਦੀਆਂ ਮਾਂਵਾ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਆਪਣੇ ਬੱਚੇ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਬਹੁਤ ਮਹੱਤਵਪੂਰਣ ਹੈ ਇਸ ਲਈ ਬੱਚੇ ਦਾ ਸੰਪੂਰਨ ਟੀਕਾਕਰਨ ਸਮੇਂ ਸਿਰ ਜਰੂਰ ਕਰਵਾਇਆ ਜਾਵੇ ਅਤੇ ਟੀਕਾਕਰਨ ਕਾਰਡ ਹਮੇਸ਼ਾਂ ਸੰਭਾਲ ਕੇ ਰੱਖਿਆ ਜਾਵੇ ਅਤੇ ਹਰ ਟੀਕਾਕਰਨ ਸਮੇਂ ਨਾਲ ਜਰੂਰ ਲਿਆਂਦਾ ਜਾਵੇ। ਉਨ੍ਹਾਂ ਕਿਹੜਾ ਟੀਕਾ ਕਿਨ੍ਹਾਂ ਬਿਮਾਰੀਆਂ ਤੋਂ ਬਚਾਉਦਾ ਹੈ ਬਾਰੇ ਵੀ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਉਹਨਾਂ ਨੇ ਟੀਕਾਕਰਨ ਕਾਰਡ ਵੀ ਜਾਂਚੇ।ਇਸ ਮੌਕੇ ਉਹਨਾਂ ਦੇ ਨਾਲ ਜ਼ਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਐਲਐਚਵੀ ਅਨੀਤਾ ਲੁਥਰਾ, ਏਐਨਐਮ ਗੁਰਵਿੰਦਰ ਕੌਰ, ਪਰਮਜੀਤ ਕੌਰ, ਮੀਨਾ ਕੁਮਾਰੀ ਅਤੇ ਆਸ਼ਾ ਵਰਕਰ ਕੁਲਵੰਤ ਕੌਰ ਮੌਜੂਦ ਸਨ।

Previous articleਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ
Next articleपंजाब में सुरक्षित नहीं मीडिया और पुलिस, आम जनता की सुरक्षा पर सवालिया निशान : खन्ना