ਫਗਵਾੜਾ,(ਸ਼ਿਵ ਕੋੜਾ): ਕਾਫੀ ਲੰਬੇ ਅਰਸੇ ਬਾਅਦ ਐਂਤਕੀ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਅਤੇ ਹਟੜੀਆਂ ਸਮੇਤ ਹੋਰ ਸਮੱਗਰੀ ਦੀ ਖਰੀਦਦਾਰੀ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਹੁਣ ਤੱਕ ਹਮੇਸ਼ਾ ਦੇਖਿਆ ਗਿਆ ਸੀ, ਕਿ ਜਿਉਂ-ਜਿਉਂ ਦੀਵਾਲੀ ਦਾ ਤਿਓਹਾਰ ਨਜਦੀਕ ਆਉਂਦਾ ਤਾਂ ਬਾਜਾਰਾਂ ‘ਚ ਖਰੀਦਦਾਰਾਂ ਦੀ ਰੌਣਕ ਬੇਸ਼ਕ ਵੱਧਦੀ ਸੀ। ਪਰ ਬਾਜਾਰਾਂ ‘ਚ ਚਾਈਨਾ ਮੇਡ ਲਾਈਟਾਂ ਤੇ ਹੋਰ ਸਮੱਗਰੀ ਦੀ ਭਰਮਾਰ ਹਮੇਸ਼ਾ ਮਿੱਟੀ ਦੇ ਦੀਵੇ, ਹਟੜੀਆਂ ਤੇ ਬਰਤਨਾਂ ਸਮੇਤ ਹੋਰ ਸਮਾਨ ਬਨਾਉਣ ਵਾਲੇ ਪ੍ਰਜਾਪਤੀ ਭਾਈਚਾਰੇ ਨੂੰ ਨਿਰਾਸ਼ ਕਰਦੀ ਸੀ. ਕਿਉਂਕਿ ਅਜੋਕੀ ਪੀੜ੍ਹੀ ਪੁਰਾਤਨ ਪਰੰਪਰਾ ਦਾ ਤਿਆਗ ਕਰਕੇ ਚਾਈਨਾ ਮੇਡ ਸਜਾਵਟੀ ਸਮਾਨ ਵੱਲ ਝੁਕਾਅ ਰੱਖਣ ਲੱਗ ਪਈ ਸੀ। ਲੇਕਿਨ ਇਸ ਵਾਰ ਸ਼ਾਇਦ ਕੇਂਦਰ ਸਰਕਾਰ ਦਾ ਮੇਕ ਇਨ ਇੰਡੀਆ ਅਤੇ ਵੋਕਲ ਫਾਰ ਲੋਕਲ ਦਾ ਨਾਅਰਾ ਆਪਣਾ ਅਸਰ ਦਿਖਾ ਰਿਹਾ ਹੈ। ਮਿੱਟੀ ਦੀ ਸਮੱਗਰੀ ਦੇ ਕਾਰੋਬਾਰ ਨਾਲ ਜੁੜੇ ਪ੍ਰਜਾਪਤੀ ਭਾਈਚਾਰੇ ਦੇ ਚਿਹਰੇ ਖਿੜੇ ਹੋਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਮਿੱਟੀ ਦੇ ਉਕਤ ਕਾਰੋਬਾਰ ਨਾਲ ਜੁੜੇ ਵੱਖ-ਵੱਖ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਆਪਣੇ ਬਜੁਰਗਾਂ ਦੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ।ਪਿਛਲੇ ਕਾਫੀ ਸਾਲਾਂ ਤੋਂ ਪਲਾਸਟਿਕ ਦੇ ਭਾਂਡੇ ਅਤੇ ਚੀਨੀ ਉਤਪਾਦਾਂ ਦਾ ਭਾਰਤੀ ਬਾਜਾਰ ਉੱਪਰ ਕਬਜਾ ਹੋਣ ਕਾਰਨ ਉਹਨਾਂ ਦੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋਇਆ ਸੀ। ਇਸ ਵਾਰ ਉਹ ਖੁਦ ਵੀ ਹੈਰਾਨ ਹਨ ਕਿ ਵੱਡੀ ਤਦਾਦ ‘ਚ ਮਿੱਟੀ ਦੇ ਦੀਵੇ, ਹਟੜੀਆਂ, ਭਾਂਡੇ ਤੇ ਹੋਰ ਸਮਾਨ ਦੇ ਖਰੀਦਦਾਰ ਉਹਨਾਂ ਪਾਸ ਆ ਰਹੇ ਹਨ ਜੋ ਕਿ ਉਹਨਾਂ ਲਈ ਖੁਸ਼ੀ ਦੀ ਗੱਲ ਹੈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਲੋਕ ਫਿਰ ਆਪਣੇ ਪੁਰਾਤਨ ਵਿਰਸੇ ਨਾਲ ਜੁੜਨਗੇ ਅਤੇ ਮਿੱਟੀ ਦੇ ਪਾਰੰਪਰਿਕ ਸਜਾਵਟੀ ਸਮਾਨ ਤੇ ਬਰਤਨ ਭਾਂਡਿਆਂ ਦੀ ਮਹੱਤਤਾ ਨੂੰ ਸਮਝਣਗੇ।

Previous articleਸਾਂਈ ਕਰਨੈਲ ਸ਼ਾਹ ਨੇ ਸੰਗਤਾਂ ਨੂੰ ਕੀਤੀ ਪ੍ਰਦੂਸ਼ਨ ਮੁਕਤ ਦੀਵਾਲੀ ਮਨਾਉਣ ਦੀ ਅਪੀਲ
Next articleਸ਼ਹਿਰ ਵਾਸੀ ਮਨਾਉਣ ਸਵੱਛ ਅਤੇ ਸੁਰੱਖਿਅਤ ਦੀਵਾਲੀ : ਮੇਅਰ