ਖੂਨਦਾਨ ਕਰਨ ਨਾਲ ਮਿਲਦੀ ਹੈ ਮਾਨਸਿਕ ਸੰਤੁਸ਼ਟੀ ਕਿਉਂਕਿ ਖੂਨਦਾਨ ਕਰਨ ਵਾਲਾ ਕਿਸੇ ਦੀ ਜਾਨ ਬਚਾਉਣ ਵਿੱਚ ਦਿੰਦਾ ਹੈ ਆਪਣਾ ਮਹੱਤਵਪੂਰਨ ਯੋਗਦਾਨ : ਡਾ.ਬਲਵਿੰਦਰ ਕੁਮਾਰ ਡਮਾਣਾ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਜਨਮਦਿਨ ਤੇ ਲਗਾਏ ਪੰਜਾਬ ਭਰ ਵਿੱਚ ਵਿਸ਼ੇਸ਼ ਖੂਨਦਾਨ ਕੈਂਪ
ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੇ ਜਨਮਦਿਨ ਤੇ ਪੰਜਾਬ ਭਰ ਵਿੱਚ ਵਿਸ਼ੇਸ਼ ਖੂਨਦਾਨ ਕੈਂਪ ਲਗਾਏ ਗਏ। ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ 7 ਹਲਕਿਆਂ ਵਿੱਚ ਸਿਹਤ ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤੇ ਗਏ। ਇਹਨਾਂ ਕੈਂਪਾਂ ਦੌਰਾਨ ਕੁੱਲ 297 ਯੂਨਿਟ ਖੂਨ ਇਕੱਤਰ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਬੈਂਕ ਦੀ ਟੀਮ ਅਤੇ ਭਾਈ ਘਨੱਈਆ ਜੀ ਬਲੱਡ ਬੈਂਕ ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤੇ ਗਏ। ਐਮਐਲਏ ਸ਼ਾਮ ਚੌਰਾਸੀ ਡਾ.ਰਵਜੋਤ ਸਿੰਘ ਅਤੇ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਹਰਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਿਟੀ ਸੈਂਟਰ ਹੁਸ਼ਿਆਰਪੁਰ ਵਿਖੇ ਲਗਾਏ ਗਏ ਇਹਨਾਂ ਕੈਂਪਾਂ ਦੌਰਾਨ 58 ਯੂਨਿਟ ਖੂਨ ਇਕੱਤਰ ਕੀਤਾ ਗਿਆ। ਏਡੀਸੀ ਜਨਰਲ ਰਾਹੁਲ ਕੁਮਾਰ ਚਾਬਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉਪਸਥਿਤ ਹੋ ਕੇ ਕੈਂਪ ਦਾ ਜਾਇਜ਼ਾ ਲਿਆ ਗਿਆ। ਜਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ, ਸਿਵਲ ਹਸਪਤਾਲ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ.ਸਵਾਤੀ, ਬੀ.ਟੀ.ਓ ਡਾ.ਗੁਰਿਕਾ, ਡਾ.ਸਰਬਜੀਤ ਸਿੰਘ, ਪ੍ਰੋਫੈਸਰ ਬਹਾਦਰ ਸਿੰਘ ਸੁਨੈਤ, ਸੈਕਟਰੀ ਰੈਡ ਕਰਾਸ ਮੰਗੇਸ਼ ਸੂਦ ਆਦਿ ਹਾਜ਼ਰ ਸਨ। ਸਿਵਲ ਸਰਜਨ ਡਾ.ਡਮਾਣਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਖੂਨਦਾਨ ਕਰਨ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਖੂਨਦਾਨ ਕਰਨ ਵਾਲਾ ਕਿਸੇ ਦੀ ਜਾਨ ਬਚਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਖੂਨਦਾਨ ਇੱਕ ਮਹਾਨ ਦਾਨ ਹੈ। ਜੇਕਰ ਲੋਕ ਸੇਵਾ ਕਰਨੀ ਹੈ ਤਾਂ ਖੂਨਦਾਨ ਇੱਕ ਉੱਤਮ ਸੇਵਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਜਨਮਦਿਨ ਮੌਕੇ ਖੂਨਦਾਨ ਦੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਉਸੇ ਤਰ੍ਹਾਂ ਹਰ ਵਿਅਕਤੀ ਨੂੰ ਆਪਣਾ ਜਨਮਦਿਨ ਜਾਂ ਵਿਸ਼ੇਸ਼ ਦਿਨ ਖੂਨਦਾਨ ਕਰਕੇ ਮਨਾਉਂਣਾ ਚਾਹੀਦਾ ਹੈ। ਖੂਨਦਾਨ ਦੀ ਮੁਹਿੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦੀ ਹੈ ਅਤੇ ਖੂਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ’ਤੇ ਮੁਸਕਾਨ ਪ੍ਰਦਾਨ ਕਰਦੀ ਹੈ।