ਰਾਮਾਂ ਮੰਡੀ,(ਬਲਵੀਰ ਬਾਘਾ): ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਹਿਰਾਸ ਸਮੇਂ ਵਾਪਰੀ ਘਟਨਾ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਸ਼ਕਤੀ ਪਾਰਟੀ ਦੇ ਕੌਮ ਪ੍ਰਧਾਨ ਸ.ਨਿਰਮਲ ਸਿੰਘ ਰਾਜੇਆਣਾ ਨੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਹਨਾਂ ਪਿੱਛੇ ਕਿਸੇ ਗਹਿਰੀ ਸਾਜਿਸ਼ ਹੋਣ ਦਾ ਸੰਕੇ ਪੈਦਾ ਕਰਦਾ ਹੈ, ਜਿਨ੍ਹਾਂ ਨੂੰ ਬਰੀਕੀ ਨਾਲ ਜਾਂਚ ਕਰਕੇ ਸਾਹਮਣੇ ਲਿਆਉਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਇਨ੍ਹਾਂ ਬੇਅਦਬੀ ਘਟਨਾਵਾਂ ਨਾਲ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗੜਨ ਦੀ ਸ਼ਾਜਿਸ ਹੋ ਸਕਦੀ ਹੈ। ਅਜਿਹੇ ਸੂਬੇ ਦੀ ਅਮਨ ਸ਼ਾਂਤੀ ਨੂੰ ਲਾਂਭੂ ਲਾਉਣ ਵਾਲੇ ਸਰਾਰਤੀ ਅਨਸਰਾਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ।ਪਿਛਲੇ ਦਿਨੀਂ ਲੁਧਿਆਣਾ ਵਿੱਚ ਵਾਪਰੇ ਬੰਬ ਧਮਾਕੇ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਬੜੇ ਲੰਮੇ ਅਰਸੇ ਅਤੇ ਮਾੜੇ ਦੌਰ ਵਿੱਚ ਗੁਜਰ ਕੇ ਪੰਜਾਬ ਆਪਸੀ ਭਾਈਚਾਰਾ ਤੇ ਸ਼ਾਂਤੀ ਦਾ ਮਾਹੌਲ ਪੈਦਾ ਹੋਇਆ ਸੀ, ਜੋ ਕੜ੍ਹੀ ਸੁਰੱਖਿਆ ਨਾਲ ਕਾਇਮ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਸਰਕਾਰੀ, ਗੈਰ ਸਰਕਾਰੀ ਅਤੇ ਜਨਤਨ ਥਾਵਾਂ ਦੀ ਸੁਰੱਖਿਆ ਵਧਾਕੇ ਅਜਿਹੀਆਂ ਘਟਨਾਵਾਂ ਤੇ ਕਾਬੂ ਪਾ ਕੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਪੰਜਾਬ ਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਗੁਰੂਦੁਆਰਿਆਂ ਵਿੱਚ ਪੂਰੀ ਤਰ੍ਹਾਂ ਚੌਕਸੀ ਰੱਖਣ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ।