ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਕਸਬਾ ਭਵਾਨੀਗੜ੍ਹ
ਭਵਾਨੀਗੜ੍ਹ,(ਵਿਜੈ ਗਰਗ): ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਮੁਤਾਬਿਕ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਖਿਲਾਫ ਅੱਜ ‘ਪੰਜਾਬ-ਯੂ.ਟੀ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ’ ਦੀ ਅਗਵਾਈ ਵਿੱਚ ਭਵਾਨੀਗੜ੍ਹ ਤਹਿਸੀਲ ਦੇ ਸੈਂਕੜੇ ਮੁਲਾਜਮਾਂ ਵੱਲੋਂ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਬਜਾਰ ਵਿੱਚ ਵਿੱਚ ਰੋਸ ਮੁਜਾਹਰਾ ਕਰਕੇ ਬੀਪੀਈਓ ਦਫਤਰ ਦੇ ਗੇਟ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਸੰਬੋਧਨ ਕਰਦਿਆਂ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਗੁਰਲਾਭ ਸਿੰਘ ਆਲੋਅਰਖ, ਕੰਵਲਜੀਤ ਸਿੰਘ, ਰਜੰਟ ਸਿੰਘ ਗਹਿਲਾਂ, ਬਲਦੇਵ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ ਪੰਜਾਬ ਦੇ ਮੁਲਾਜਮ ਲੰਮੇ ਸਮੇਂ ਤੋਂ ਛੇਵੇਂ ਤਨਖਾਹ ਕਮਿਸਨ ਵਿੱਚ ਤਰਕਸੰਗਤ ਸੋਧਾਂ ਕਰਵਾਉਣ, ਸਮੂਹ ਕੱਚੇ ਤੇ ਠੇਕਾ ਮੁਲਾਜਮਾਂ ਨੂੰ ਵਿਭਾਗੀ ਪੋਸਟਾਂ ’ਤੇ ਰੈਗੂਲਰ ਕਰਵਾਉਣ, ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰਦੇ ਮਾਣ ਭੱਤਾ ਵਰਕਰਾਂ ’ਤੇ ਘੱਟੋ-ਘੱਟ ਉਜ਼ਰਤਾਂ ਕਾਨੂੰਨ ਲਾਗੂ ਕਰਵਾਉਣ, ਐੱਨ.ਪੀ.ਐੱਸ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਵਾਲੇ ਮੁਲਾਜਮਾਂ ’ਤੇ ਕੇਂਦਰੀ ਤਨਖਾਹ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲ ਲਾਗੂ ਕਰਵਾਉਣ ਅਤੇ ਪੁਨਰਗਠਨ ਦੇ ਨਾਂ ਹੇਠ ਵੱਖ-ਵੱਖ ਵਿਭਾਗਾਂ ਅੰਦਰ ਕੀਤੇ ਜਾ ਰਹੇ ਅਸਾਮੀਆਂ ਦੇ ਖਾਤਮੇ ਨੂੰ ਰੁਕਵਾਉਣ ਲਈ ਸੰਘਰਸ਼ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਦੁਆਰਾ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਨੇ ਪਿਛਲੇ ਦਿਨਾਂ ਦੌਰਾਨ ਪੰਜਾਬ-ਯੂ.ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਤਿੰਨ ਮੀਟਿੰਗਾਂ ਕੀਤੀਆਂ ਸਨ, ਪਰ ਇਸ ਕਮੇਟੀ ਨੇ ਮੁਲਾਜਮਾਂ ਦੀ ਕਿਸੇ ਵੀ ਮੰਗ ਨੂੰ ਪ੍ਰਵਾਨ ਨਾ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਇਹ ਕਮੇਟੀ ਮੰਗਾਂ ਦੇ ਹੱਲ ਲਈ ਨਹੀਂ ਸਗੋਂ ਮੁਲਾਜ਼ਮਾ ਦੇ ਸੰਘਰਸਸ਼ਾਂ ਨੂੰ ਠੰਡਾ ਕਰ ਦੀ ਮਨਸ਼ਾ ਤਹਿਤ ਗਠਿਤ ਕੀਤੀ ਗਈ ਹੈ। ਮੁਲਾਜਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਗੱਲਬਾਤ ਨੂੰ ਸਿਰਫ ਤਨਖਾਹ ਕਮਿਸਨ ਤੱਕ ਸੀਮਿਤ ਕਰ ਰਹੀ ਹੈ ਅਤੇ ਬਾਕੀ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੈ। ਜਿਸਤੋਂ ਸਪੱਸ਼ਟ ਹੈ ਕਿ ਕੈਪਟਨ ਸਰਕਾਰ ਕੱਚੇ ਅਤੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ, ਮਾਣ ਭੱਤਾ ਵਰਕਰਾਂ ’ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਮੇਤ ਹੋਰ ਮੁਲਾਜਮ ਮੰਗਾਂ ਨੂੰ ਮੰਨਣ ਤੋਂ ਟਾਲਾ ਵੱਟ ਰਹੀ ਹੈ। ਮੁਲਾਜਮ ਆਗੂਆਂ ਨੇ ਐਲਾਨ ਕਿ 20 ਅਗਸਤ ਨੂੰ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਮਹੱਤਵਪੂਰਨ ਆਗੂਆਂ ਦੇ ਘਰਾਂ ਵੱਲ ਕੀਤੇ ਜਾਣ ਵਾਲੇ ਜਿਲ੍ਹਾ ਪੱਧਰੀ ਰੋਸ ਮਾਰਚਾਂ ਵਿੱਚ ਭਵਾਨੀਗੜ੍ਹ ਤਹਿਸੀਲ ਦੇ ਸੈਂਕੜੇ ਮੁਲਾਜਮਾਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਤੇ ਜਤਿੰਦਰ ਸੱਗੂ, ਪਵਨ ਕੁਮਾਰ, ਰਾਜੇਸ ਕੁਮਾਰ ਦਾਨੀ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਇੰਦਰਪਾਲ ਸਿੰਘ, ਬਲਜਿੰਦਰਜੀਤ ਸਿੰਘ, ਜਗਮੇਲ ਸਿੰਘ, ਸੁਖਪਾਲ ਸਫੀਪੁਰ, ਗੌਰਵਜੀਤ ਸਿੰਘ, ਜਰਨੈਲ ਸਿੰਘ, ਸਵਰਣ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਲਾਜਮ ਆਗੂ ਹਾਜਰ ਸਨ।