ਭਵਾਨੀਗੜ੍ਹ,(ਵਿਜੈ ਗਰਗ); ਬੀਤੀ ਰਾਤ ਇੱਥੇ ਸ਼ਹਿਰ ਦੀ ਨੈਸ਼ਨਲ ਹਾਈਵੇਅ ਤੇ ਪੁਰਾਣੇ ਅਤੇ ਨਵੇ ਅੱਡੇ ਨੇੜੇ ਸਥਿਤ ਤਿੰਨ ਮੈਡੀਕਲ ਸਟੋਰਾਂ ਦੇ ਸ਼ਟਰ ਤੋੜ ਕੇ ਚੋਰ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ।ਇਸ ਸਬੰਧੀ ਘੁੰਮਣ ਮੈਡੀਕਲ ਹਾਲ ਦੇ ਮਾਲਕ ਗਗਨ ਘੁੰਮਣ ਨੇ ਦੱਸਿਆ ਕਿ ਬੀਤੀ ਦੇਰ ਰਾਤ ਦੋ ਅਣਪਛਾਤੇ ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਚ ਦਾਖਲ ਹੋਏ ਅਤੇ ਗੱਲੇ ਚ ਪਈ 70 ਹਜਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਚ ਕੈਦ ਹੋ ਗਈ। ਦੋਵੇ ਅਣਪਛਾਤੇ ਵਿਅਕਤੀ ਆਪਣੇ ਮੂੰਹ ਢੱਕੇ ਹੋਏ ਸਨ, ਜਿਨ੍ਹਾਂ ਨੇ ਬੇਖੋਫ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।ਇਸ ਤਰ੍ਹਾਂ ਉਕਤ ਚੋਰਾਂ ਨੇ ਕੁਝ ਦੁਕਾਨਾਂ ਦੇ ਫਰਕ ਨਾਲ ਰਾਜ ਮੈਡੀਕਲ ਸਟੋਰ ਦਾ ਵੀ ਸ਼ਟਰ ਤੋੜ ਕੇ ਚੋਰੀ ਦੀ ਘਟਨਾਂ ਨੂੰ ਅੰਜਾਮ ਦਿੱਤਾ। ਦੁਕਾਨ ਦੇ ਮਾਲਕ ਪਿੰਟੂ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਦੇ ਗੱਲੇ ਚ ਪਈ 4 ਤੋਂ 5 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਚ ਚੋਰੀ ਦੀ ਇਹ ਤੀਜੀ ਚੌਥੀ ਘਟਨਾ ਹੈ, ਪਰ ਪੁਲੀਸ ਵੱਲੋਂ ਇਕ ਵਾਰ ਵੀ ਚੋਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਇਸੇ ਤਰ੍ਹਾਂ ਚੋਰ ਗਿਰੋਹ ਨੇ ਨਵੇ ਬੱਸ ਅੱਡੇ ਨੇੜੇ ਮੁੱਖ ਮਾਰਗ ਤੇ ਸਥਿਤ ਸਿੰਗਲਾ ਮੈਡੀਕਲ ਹਾਲ ਦਾ ਸ਼ਟਰ ਤੋੜ ਕੇ ਚੋਰੀ ਕੀਤੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰ ਉਸ ਦੇ ਗੱਲੇ ’ਚ ਸਾਰੀ ਨਕਦੀ ਲੈ ਗਏ। ਉਨ੍ਹਾਂ ਇਸ ਘਟਨਾ ਦੀ ਸੂਚਨਾ ਭਵਾਨੀਗੜ੍ਹ ਪੁਲੀਸ ਨੂੰ ਦੇ ਦਿੱਤੀ ਹੈ। ਪੁਲੀਸ ਨੇ ਤਿੰਨੋਂ ਦੁਕਾਨਾਂ ਤੇ ਪਹੁੰਚ ਕੇ ਜਾਇਜਾ ਲੈਣ ਉਪਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।