ਸੁਖਬੀਰ ਸਿੰਘ ਬਾਦਲ ਨੂੰ ਨਸੀਹਤ, ਕੈਪਟਨ ਖਿਲਾਫ ਝੂਠ ਬੋਲਣ ਦੀ ਬਜਾਏ ਕੇਂਦਰ ਸਰਕਾਰ ਖਿਲਾਫ ਕਰੋ ਅਵਾਜ ਬੁਲੰਦ
ਚੰਡੀਗੜ,6 ਦਸੰਬਰ(ਰਾਜਦਾਰ ਟਾਇਮਸ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਨੂੰ ਚੇਤੇ ਕਰਵਾਇਆ ਹੈ ਕਿ ਕਾਂਗਰਸ ਪਾਰਟੀ ਹੀ ਸੀ ਜੋਕਿ ਪਹਿਲੇ ਦਿਨ ਤੋਂ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੀ ਜਦਕਿ ਲੋਕ ਰੋਹ ਵੇਖ ਕੇ ਰੁੱਖ ਬਦਲਨ ਵਾਲੇ ਅਕਾਲੀ ਦਲ ਦੇ ਆਗੂ ਤਾਂ ਇਹ ਕਾਲੇ ਕਾਨੂੰਨ ਲਾਗੂ ਕਰਨ ਵਿਚ ਭਾਗੀਦਾਰ ਰਹੇ ਹਨ। ਨਾਲ ਹੀ ਉੁਨਾਂ ਨੇ ਸ:ਬਾਦਲ ਨੂੰ ਨਸੀਹਤ ਦਿੱਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੂੜ ਪ੍ਰਚਾਰ ਕਰਨ ਦੀ ਬਜਾਏ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਵਾਜ ਬੁਲੰਦ ਕਰਨ ਦਾ ਸਾਹਸ ਵਿਖਾਉਣ।ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਨਾਲ ਖੜੀ ਰਹੀ ਹੈ ਅਤੇ ਅੱਗੇ ਵੀ ਖੜੀ ਰਹੇਗੀ।ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਸੱਤਾ ਮੋਹ ਦਾ ਸਮੇਂ ਸਿਰ ਤਿਆਗ ਕਰਕੇ ਅਕਾਲੀ ਨੇਤਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੈਬਨਿਟ ਵਿਚ ਇੰਨਾਂ ਆਰਡੀਨੈਂਸ ਅਤੇ ਫਿਰ ਬਿੱਲਾਂ ਦੇ ਖਿਲਾਫ ਅਵਾਜ਼ ਬੁਲੰਦ ਕਰਦੇ ਤਾਂ ਸਾਇਦ ਦੇਸ਼ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਉਨਾਂ ਨੇ ਕਿਹਾ ਕਿ ਕਾਨੂੰਨ ਬਣਾਉਣ ਵੇਲੇ ਤਾਂ ਅਕਾਲੀ ਦਲ ਭਾਜਪਾ ਦਾ ਪਿੱਛਲਗੂ ਬਣਿਆ ਰਿਹਾ ਅਤੇ ਕਿਸਾਨਾਂ ਨਾਲ ਧ੍ਰੋਹ ਕਮਾਉਂਦਿਆਂ ਇੰਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਸ਼ਾਮਿਲ ਰਿਹਾ।ਇਹ ਤਾਂ ਪੰਜਾਬ ਦੇ ਕਿਸਾਨਾਂ ਦੇ ਵੱਡੇ ਰੋਸ਼ ਨੂੰ ਵੇਖਦਿਆਂ ਅਕਾਲੀ ਦਲ ਨੂੰ ਸਰਕਾਰ ਛੱਡਣ ਦਾ ਭਰੇ ਮਨ ਨਾਲ ਮਜਬੂਰੀ ਵਿਚ ਫੈਸਲਾ ਕਰਨਾ ਪਿਆ ਸੀ।
ਜਾਖੜ ਨੇ ਕਿਹਾ ਦੂਜੇ ਪਾਸੇ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਜਦੋਂ ਸਰਕਾਰ ਇਹ ਖੇਤੀ ਆਰਡੀਨੈਂਸ ਲੈ ਕੇ ਆਈ ਸੀ ਤਦ ਤੋਂ ਵਿਰੋਧ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾਂ ਨੇ ਇੰਨਾਂ ਕਾਨੂੰਨਾਂ ਦਾ ਮਾੜਾ ਪੱਖ ਸਮਝ ਕੇ ਬਿਨਾਂ ਕੇਂਦਰ ਸਰਕਾਰ ਦੇ ਕਿਸੇ ਦਬਾਅ ਅੱਗੇ ਝੁਕਦਿਆਂ ਇੰਨਾਂ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ। ਪੰਜਾਬ ਸਰਕਾਰ ਵੱਲੋਂ ਬੁਲਾਈ ਸਰਵਪਾਰਟੀ ਮਿਟਿੰਗ ਵਿਚ ਵੀ ਅਕਾਲੀ ਦਲ ਦੇ ਆਗੂ ਨੇ ਵੱਖਰੀ ਸੁਰ ਅਪਨਾਈ ਸੀ, ਜਦਕਿ ਹੁਣ ਉਹੀ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਅਕਾਲੀ ਆਗੂ ਕਾਂਗਰਸ ਪਾਰਟੀ ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਰਾਂ ਵੱਲੋਂ ਵਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬੇਬੁਨਿਆਦ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਉਨਾਂ ਦੀ ਕੇਂਦਰ ਸਰਕਾਰ ਖਿਲਾਫ ਚੁੱਪੀ ਆਪਣੇ ਆਪ ਵਿਚ ਉਨਾਂ ਦੇ ਨੀਅਤ ਤੇ ਨੀਤੀ ਤੇ ਸਵਾਲ ਖੜੇ ਕਰ ਰਹੀ ਹੈ। ਕਾਲੇ ਕਾਨੂੰਨ ਲਾਗੂ ਕਰਨ ਲਈ ਕੇਂਦਰ ਸਰਕਾਰ ਹੀ ਅੜੀ ਹੋਈ ਹੈ। ਇਸ ਲਈ ਚੰਗਾ ਹੋਵੇ ਜੇਕਰ ਅਕਾਲੀ ਦਲ ਕੇਂਦਰ ਸਰਕਾਰ ਖਿਲਾਫ ਕੋਈ ਅੰਦੋਲਣ ਕਰਨ ਲਈ ਅੱਗੇ ਆਏ। ਸੂਬਾ ਕਾਂਗਰਸ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਪੰਜਾਬ ਦੇ ਲੋਕ ਸਭ ਸੱਚ ਸਮਝਦੇ ਹਨ ਅਤੇ ਜਾਣਦੇ ਹਨ ਕਿ ਕੌਣ ਕਿਸ ਨਾਲ ਹੈ। ਉਨਾਂ ਨੇ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਸ਼ੁਰੂ ਵਿਚ ਇੰਨਾਂ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਲਈ ਵਰਦਾਨ ਨਹੀਂ ਦੱਸਦੇ ਰਹੇ ਹਨ। ਉਨਾਂ ਨੇ ਹੋਰ ਸਵਾਲ ਕੀਤਾ ਕਿ ਕੀ ਇਹ ਮੰਨਿਆ ਜਾ ਸਕਦਾ ਹੈ ਕਿ ਜੋ ਇਨਸਾਨ ਸੂਬੇ ਦਾ ਉਪਮੁੱਖ ਮੰਤਰੀ ਰਿਹਾ ਹੋਵੇ ਅਤੇ ਪਾਰਟੀ ਦਾ ਪ੍ਰਧਾਨ ਹੋਵੇ ਉਸਨੂੰ ਤਦ ਕਾਨੂੰਨਾਂ ਦੀ ਸਮਝ ਨਹੀਂ ਸੀ। ਉਨਾਂ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਸਨੂੰ ਇਹ ਸਾਬਤ ਕਰਨ ਲਈ ਕਿਸਾਨਾਂ ਨਾਲ ਹਮੇਸ਼ਾ ਧ੍ਰੋਹ ਕਮਾਉਣ ਵਾਲੇ ਕਿਸੇ ਆਗੂ ਤੋਂ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ।