ਮੁਕੇਰੀਆਂ,(ਰਾਜ਼ਦਾਰ ਟਾਇਮਸ): ਰੈੱਡ ਰਿਬਨ ਕਲੱਬ ਦੇ ਵਿਦਿਆਰਥੀਆਂ ਨੇ ਪਿੰਡ ਧਰਮਪੁਰ ਦਾ ਦੌਰਾ ਕਰਕੇ ਸਮਾਜਿਕ ਜਾਗਰੂਕਤਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਵਿੱਚ ਐੱਚ.ਆਈ.ਵੀ/ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪੋਸਟਰ ਲਗਾਏ। ਵਿਦਿਆਰਥੀਆਂ ਨੇ ਪਿੰਡ ਦੇ ਮਹੱਤਵਪੂਰਨ ਸਥਾਨਾਂ, ਸਕੂਲਾਂ ਅਤੇ ਪੰਚਾਇਤ ਭਵਨ ਦੇ ਆਲੇ-ਦੁਆਲੇ ਐੱਚ.ਆਈ.ਵੀ/ਏਡਜ਼ ਦੀ ਰੋਕਥਾਮ, ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਭਰਪੂਰ ਪੋਸਟਰ ਲਗਾਏ। ਇਸ ਦੇ ਨਾਲ ਹੀ ਲੱਛਣ ਅਤੇ ਸੁਰੱਖਿਆ ਦੇ ਤਰੀਕੇ ਵੀ ਦੱਸੇ। ਕਲੱਬ ਦੇ ਮੈਂਬਰਾਂ ਨੇ ਲੋਕਾਂ ਨੂੰ ਸੁਰੱਖਿਅਤ ਜੀਵਨ ਸ਼ੈਲੀ ਅਪਣਾਉਣ ਅਤੇ ਬਿਮਾਰੀ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਤੋਂ ਬਚਣ ਦੀ ਸਲਾਹ ਦਿੱਤੀ। ਇਸ ਮੌਕੇ ਧਰਮਪੁਰ ਦੀ ਸਰਪੰਚ ਸ਼੍ਰੀਮਤੀ ਰਾਖੀ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਾਗਰੂਕਤਾ ਫੈਲਾਉਣ ਦੇ ਅਜਿਹੇ ਯਤਨ ਸਮਾਜ ਦੀ ਮਦਦ ਕਰਨ ਦੇ ਨਾਲ-ਨਾਲ ਪਿੰਡ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਐੱਚ.ਆਈ.ਵੀ/ਏਡਜ਼ ਅਤੇ ਨਸ਼ੇ ਦੀ ਲੱਤ ਪ੍ਰਤੀ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ। ਕਲੱਬ ਕੋਆਰਡੀਨੇਟਰ ਪ੍ਰੋਫੈਸਰ ਅਨੁਰਾਧਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਐੱਚ.ਆਈ.ਵੀ/ਏਡਜ਼ ਵਰਗੀਆਂ ਗੰਭੀਰ ਬਿਮਾਰੀਆਂ ਬਾਰੇ ਸਹੀ ਜਾਣਕਾਰੀ ਦੇਣਾ ਹੈ। ਪਿੰਡ ਵਾਸੀਆਂ ਨੇ ਰੈੱਡ ਰਿਬਨ ਕਲੱਬ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪਿੰਡ ਲਈ ਲਾਭਦਾਇਕ ਹੋਣ ਦੇ ਨਾਲ ਵਿਕਾਸ ਅਤੇ ਸਿਹਤ ਸੁਧਾਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਅਨੁਰਾਧਾ ਨੇ ਮੈਨੇਜਮੈਂਟ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਦਾ ਉਨ੍ਹਾਂ ਦੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।