ਸਮੁੱਚਾ ਪ੍ਰੋਗਰਾਮ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਸਮੀਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ
ਮੁਕੇਰੀਆਂ,(ਰਾਜਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਕਾਲਜੀਏਟ ਸਕੂਲ ਵਿਖੇ ਇੰਟਰ ਸਕੂਲ ਮੁਕਾਬਲਾ ’ਹੁਨਰ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਮੁੱਚੇ ਮੁਕੇਰੀਆਂ ਖੇਤਰ ਦੇ ਲਗਭਗ 25 ਸਕੂਲਾਂ ਦੇ 3 ਸੌ ਤੋਂ ਵੱਧ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਜਾਣਕਾਰੀ ਦਿੰਦਿਆਂ ਇਸ ’ਹੁਨਰ’ ਮੁਕਾਬਲੇ ਦੇ ਆਯੋਜਕ ਅਤੇ ਐਸ.ਪੀ.ਐਨ ਕਾਲਜੀਏਟ ਸਕੂਲ ਦੇ ਇੰਚਾਰਜ ਮੈਡਮ ਮਨਦੀਪ ਕੌਰ ਨੇ ਦੱਸਿਆ ਕਿ ਇਹ ਸਮੁੱਚਾ ਪ੍ਰੋਗਰਾਮ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਜਿਸ ਦਾ ਮੂਲ ਪ੍ਰਯੋਜਨ ਸਮੁੱਚੇ ਇਲਾਕੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਦੇ ਹੋਏ, ਉਨ੍ਹਾਂ ਦੇ ਹੁਨਰ ਨੂੰ ਨਿਖਾਰਨਾ ਹੈ। ਇਸ ਪ੍ਰੋਗਰਾਮ ਦੌਰਾਨ ਕੁੱਲ ਅੱਠ ਵੱਖੋ-ਵੱਖ ਮੁਕਾਬਲਿਆਂ- ਵਰਕਿੰਗ ਮਾਡਲ, ਪੋਸਟਰ ਡਿਸਪਲੇਅ, ਕੋਲਾਜ਼ ਮੇਕਿੰਗ, ਸੋਲੋ ਫੋਕ ਗੀਤ, ਬੈਸਟ ਆਊਟ ਆਫ ਵੇਸਟ, ਕੁਇਜ਼, ਡਿਬੇਟ ਅਤੇ ਮਹਿੰਦੀ ਲਗਾਉਣਾ ਆਦਿ ਦਾ ਆਯੋਜਨ ਕੀਤਾ ਗਿਆ।
ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸੰਜੀਵ ਆਨੰਦ ਅਤੇ ਆਓਡੀਟਰ ਡਾ.ਰਾਜੇਸ਼ ਲਖਨਪਾਲ ਨੇ ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਇਸ ਸਮਾਗਮ ਦੇ ਆਯੋਜਨ ਲਈ ਪ੍ਰਬੰਧਕ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਭਾਗੀਦਾਰੀ ਦੀ ਪ੍ਰਸੰਸਾ ਕੀਤੀ ਅਤੇ ਇਸਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਵੀ ਕੀਤਾ। ਉਨ੍ਹਾ ਇਹ ਵਿਸ਼ਵਾਸ ਵੀ ਦਵਾਇਆ ਕਿ ਅਗਾਂਹ ਭਵਿੱਖ ਵਿੱਚ ਸਮੁੱਚਾ ਐਸ.ਪੀ.ਐਨ ਪਰਿਵਾਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿੱਤ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹੇਗਾ। ਵਿਦਿਆਰਥੀਆਂ ਨਾਲ ਆਪਣੇ ਸੰਬੋਧਨ ਵਿੱਚ ਐਸ.ਪੀ.ਐਨ ਕਾਲਜ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਸਕੂਲ ਪੱਧਰ ਤੇ ਹੀ ਵਿਦਿਆਰਥੀਆਂ ਨੂੰ ਅਗਾਂਹ ਭਵਿੱਖ ਲਈ ਤਿਆਰ ਕਰਨਾ ਬਹੁਤ ਜਰੂਰੀ ਹੈ। ਇਸ ਸਮੁੱਚੇ ’ਹੁਨਰ’ ਮੁਕਾਬਲੇ ਦਾ ਮੰਤਵ ਹੀ ਵਿਦਿਆਰਥੀਆਂ ਵਿੱਚ ਅਗਾਂਹਵਧੂ ਮੁਕਾਬਲੇ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਦੇ ਭਵਿੱਖ ਦੇ ਰਾਹ ਨੂੰ ਪੱਧਰਾ ਕਰਨਾ ਹੈ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਐਸ.ਪੀ.ਐਨ ਕਾਲਜੀਏਟ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ (ਆਰਟਸ, ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ) ਦੇ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਤੋਂ ਆਏ ਪਤਵੰਤਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ’ਹੁਨਰ’ ਮੁਕਾਬਲੇ ਦੀ ਓਵਰਆਲ ਜੂਨੀਅਰ ਟ੍ਰਰਾਫ਼ੀ ਵਿੱਚੋਂ ਸੈਂਟ ਪਾਲ ਕਾਨਵੈਂਟ ਸਕੂਲ ਮੁਕੇਰੀਆਂ, ਸੈਂਟ ਜੋਸਫ ਕਾਨਵੈਂਟ ਸਕੂਲ ਮੁਕੇਰੀਆਂ ਅਤੇ ਐਸ.ਵੀ ਜੇ.ਸੀ ਡੀ.ਏ.ਵੀ ਪਬਲਿਕ ਸਕੂਲ ਦਸੂਹਾ ਨੇ ਲੜੀਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਓਵਰਆਲ ਸੀਨੀਅਰ ਟ੍ਰਰਾਫ਼ੀ ਵਿੱਚੋਂ ਐਸ.ਵੀ ਜੇ.ਸੀ ਡੀ.ਏ.ਵੀ ਪਬਲਿਕ ਸਕੂਲ ਦਸੂਹਾ, ਐਸ.ਐਸ.ਐਮ ਕਾਲਜੀਏਟ ਸਕੂਲ ਦੀਨਾਨਗਰ ਅਤੇ ਜੇ.ਵੀ.ਕੇ.ਐਸ.ਸੀ.ਐਮ ਮੈਮੋਰੀਅਲ ਗਰਲਜ਼ ਸਕੂਲ ਮੁਕੇਰੀਆਂ ਨੇ ਲੜੀਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਐਸ.ਪੀ.ਐਨ ਕਾਲਜੀਏਟ ਸਕੂਲ ਦੇ ਇੰਚਾਰਜ ਮੈਡਮ ਮਨਦੀਪ ਕੌਰ ਨੇ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਸਮੀਰ ਸ਼ਰਮਾ ਦਾ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾ ਵੱਖ-ਵੱਖ ਭਾਗੀਦਾਰ ਸਕੂਲਾਂ ਦੇ ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵੀ ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।