ਫਗਵਾੜਾ,(ਸ਼ਿਵ ਕੋੜਾ): ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਹਸਪਤਾਲ ਅਤਿ ਆਧੂਨਿਕ ਸਹੂਲਤਾਂ ਅਤੇ 24 ਘੰਟੇ ਐਮਰਜੇਂਸੀ ਵਾਰਡ ਦੀ ਸੁਵਿਧਾ ਦੇ ਨਾਲ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਅਤੇ ਜਲਦੀ ਹੀ ਇਸ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੌਜੂਦਾ ਟਰੱਸਟੀ ਅਤੇ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਤੇ ਹਸਪਤਾਲ ਟਰੱਸਟ ਦੇ ਸਾਬਕਾ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਸਹਿਯੋਗ ਲਈ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਤਿੰਨ ਸਾਲ ਪਹਿਲਾਂ 2021 ਦੇ ਸਲਾਨਾ ਭਗਵਾਨ ਵਿਸ਼ਵਕਰਮਾ ਮਹਾਉਤਸਵ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਸੂਬੇ ਦੇ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2 ਕਰੋੜ ਰੁਪਏ ਦੀ ਗ੍ਰਾਂਟ ਮੰਦਿਰ ਅਤੇ ਹਸਪਤਾਲ ਦੀ ਬਿਹਤਰੀ ਲਈ ਦਿੱਤੀ ਸੀ। ਜਿਸ ਦੇ ਨਾਲ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਲਈ ਵਰਤੀ ਜਾਣ ਵਾਲੀ ਅਤਿ ਆਧੂਨਿਕ ਮਸ਼ੀਨਰੀ ਦਾ ਕੰਮ ਮੁਕੰਮਲ ਕਰਵਾਇਆ ਗਿਆ। ਜੋ ਕਿ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਬਹੁਤ ਵੱਡਾ ਵਰਦਾਨ ਸਾਬਤ ਹੋਵੇਗਾ। ਇਸ ਮਸ਼ੀਨਰੀ ਵਿੱਚ ਵੈਨਟੀਲੇਟਰ ਵੀ ਸ਼ਾਮਲ ਹੈ। ਜੋ ਨਵਜਾਤ ਬੱਚਿਆਂ ਸਮੇਤ ਹਰ ਉਮਰ ਦੇ ਮਰੀਜਾਂ ਲਈ ਬਹੁਤ ਖਾਸ ਹੈ। ਉਹਨਾਂ ਨੇ ਦੱਸਿਆ ਕਿ ਇਹ ਵੈਨਟੀਲੇਟਰ ਨਵੀ ਤਕਨੀਕ ਨਾਲ ਤਿਆਰ ਕੀਤਾ ਹੋਇਆ ਹੈ ਜੋ ਕੇ ਵੱਡੇ ਸ਼ਹਿਰਾਂ ਜਿਵੇਂ ਜਲੰਧਰ, ਲੁਧਿਆਣਾ ਆਦਿ ਵਿੱਚ ਵੀ ਸ਼ਾਇਦ ਹੀ ਹੋਵੇ। ਹਸਪਤਾਲ ਦੇ ਸਾਰੇ ਕਮਰਿਆਂ ਵਿਚ ਏਅਰ ਕੰਡੀਸ਼ਨਰ ਦੀ ਸੁਵਿਧਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਟਰੱਸਟ ਦੀ ਮੌਜੂਦਾ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਜੋ ਕੇ ਸ਼ਲਾਘਾਯੋਗ ਹੈ।