ਫਗਵਾੜਾ,(ਸ਼ਿਵ ਕੋੜਾ): ਧੰਨ ਧੰਨ ਨੂਰ-ਏ-ਖੁਦਾ ਦਰਬਾਰ ਸਾਂਈ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਰਬਾਰ ਨੂੰ ਰੰਗ ਵਿਰੰਗੀਆਂ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਸੀ ਰਾਤ ਨੂੰ ਦੀਪ ਮਾਲਾ ਵੀ ਕੀਤੀ ਗਈ। ਸਾਂਈ ਕਰਨੈਲ ਸ਼ਾਹ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਦੀਵਾਲੀ ਦੇ ਮਹੱਤਵ ਬਾਰੇ ਦੱਸਿਆ। ਉਹਨਾਂ ਕਿਹਾ ਕਿ ਦੀਵਾਲੀ ਹਮੇਸ਼ਾ ਮੱਸਿਆ ਦੀ ਰਾਤ ਨੂੰ ਰੌਸ਼ਨੀਆਂ ਕਰਕੇ ਮਨਾਈ ਜਾਂਦੀ ਹੈ। ਜਿਸ ਨਾਲ ਸਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਹਨੇ੍ਹਰੇ ਉੱਪਰ ਹਮੇਸ਼ਾ ਚਾਨਣ ਦੀ ਜਿੱਤ ਦੀ ਹੁੰਦੀ ਹੈ ਅਤੇ ਚਾਨਣ ਸਕਾਰਾਤਮਕ ਊਰਜਾ ਦਾ ਪ੍ਰਤੀਕ ਹੈ। ਉਹਨਾਂ ਸੰਗਤਾਂ ਨੂੰ ਆਪਣੇ ਅੰਦਰ ਗਿਆਨ ਦੀ ਜੋਤ ਜਗਾਉਣ ਦਾ ਸੁਨੇਹਾ ਵੀ ਦਿੱਤਾ।
ਇਸ ਮੌਕੇ ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ ਪੰਚਾਇਤ ਮੈਂਬਰਾਂ ਅਮਰੀਕ ਸਿੰਘ ਮੀਕਾ, ਮੇਜਰ ਸਿੰਘ, ਸਤਨਾਮ ਸਿੰਘ ਕਾਹਲੋਂ, ਜਸਵਿੰਦਰ ਕੌਰ, ਮੋਨਿਕਾ ਸ਼ਰਮਾ, ਰਾਮ ਸ਼ਰਨ, ਸਤਵਿੰਦਰ ਕੌਰ ਤੋਂ ਇਲਾਵਾ ਹਰਨੇਕ ਸਿੰਘ ਨੇ ਵੀ ਹਾਜਰੀਨ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਮਹਾਉਤਸਵ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਦੀਆਂ ਸੰਗਤਾਂ ਹਾਜਰ ਸਨ।