ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ, ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਅੱਜ ਸਰਕਾਰੀ ਹਾਈ ਸਕੂਲ ਬਿਛੋਹੀ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਦੇ ਸਹਿਯੋਗ ਨਾਲ ਸਕੂਲ ਇੰਚਾਰਜ ਰਵੀ ਕਾਂਤ ਦੀ ਹਾਜ਼ਰੀ ਵਿੱਚ ਨਸ਼ਾਖੋਰੀ ਅਤੇ ਇਲਾਜ਼ ਬਾਰੇ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਸ਼ਾਂਤ ਆਦਿਆ ਕਾਊਸਲਰ, ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਲੋਂ ਨਸ਼ਾਖੋਰੀ ਦੇ ਕਾਰਨ, ਲੱਛਣਾਂ ਅਤੇ ਇਲਾਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਯੁਵਾ ਕਿਸੇ ਵੀ ਰਾਸ਼ਟਰ ਦੀ ਨੀਂਹ ਹੁੰਦੇ ਹਨ ਅਤੇ ਉਹ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸ ਲਈ ਇਹ ਬਹੁਤ ਜਰੂਰੀ ਹੈ ਕਿ ਨਸ਼ਾ ਮੁਕਤ ਅਭਿਆਨ ਵਿੱਚ ਨੌਜ਼ਵਾਨ ਵੱਡੀ ਗਿਣਤੀ ਵਿੱਚ ਜੁੜਨ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਸ਼ਾ ਮੁਕਤ ਭਾਰਤ ਅਭਿਆਨ ਦੇ ਅਧੀਨ ਇਹ ਪ੍ਰਤਿਗਿਆ ਕਰਨ ਕਿ ਇਸ ਮੁਹਿੰਮ ਪ੍ਰਤੀ ਅਸੀ ਆਪ ਜਾਗਰੂਕ ਹੋਵਾਂਗੇ ਤਾਂ ਹੀਂ ਸਮਾਜ਼ ਨੂੰ ਬਦਲ ਸਕਦੇ ਹਾਂ।ਕਿਉਂਕਿ ਬਦਲਾਓ ਦੀ ਸ਼ੁਰੂਆਤ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖੋਰੀ ਇੱਕ ਵਾਰ ਵਾਰ ਹੋਣ ਵਾਲੀ,ਲੰਬਾ ਸਮਾਂ ਚਲਣ ਵਾਲੀ ਮਾਨਸਿਕ ਬਿਮਾਰੀ ਹੈਂ ਜਿਸ ਦਾ ਇਲਾਜ਼ ਸਿਹਤ ਵਿਭਾਗ ਪੰਜਾਬ ਵਲੋਂ ਮੁਫ਼ਤ ਕੀਤਾ ਜਾਂਦਾ ਹੈਂ। ਨਸ਼ਾਖੋਰੀ ਵਾਲਾ ਵਿਅਕਤੀ ਭਟਕਿਆ ਹੋਇਆ ਹੈਂ। ਉਸ ਨੂੰ ਨਫਰਤ  ਦੀ ਬਜਾਏ ਪਿਆਰ ਨਾਲ ਸਮਝਾ ਕੇ ਉਸਨੂੰ ਸਿੱਧੇ ਰਸਤੇ ਤੇ ਲਿਆਉਣਾ ਚਾਹੀਦਾ ਹੈ। ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਰਹਿਣ ਦੀ ਸਹੁੰ ਵੀ ਚੁਕਾਈ ਗਈ।ਇਸ ਮੌਕੇ ਤੇ ਅਮਨਪ੍ਰੀਤ ਕੌਰ, ਸੰਦੀਪ ਕੁਮਾਰ, ਪਰਮਜੀਤ ਸਿੰਘ, ਅਮਨਦੀਪ ਕੌਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸੀ।