ਡੇਂਗੂ ਅਤੇ ਡਾਇਰੀਆ ਤੋਂ ਬਚਾਅ ਅਤੇ ਰੋਕਥਾਮ ਬਾਰੇ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ,(ਰਾਕੇਸ਼ ਰਾਣਾ): ਮਾਨਯੋਗ ਸਿਹਤ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਅੰਦਰ ਵਾਟਰ ਬੌਰਨ ਅਤੇ ਵੈਕਟਰ ਬੌਰਨ ਬੀਮਾਰੀਆਂ ਬਾਰੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਅਤੇ ਸੀਨੀਅਰ ਮੈਡੀਕਲ ਅਫਸਰ ਹਾਰਟਾ ਬਡਲਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਬਜਵਾੜਾ ਵਿਖੇ ਡਾਇਰੀਆ ਅਤੇ ਡੇੰਗੂ ਬੁਖਾਰ ਸੰਬੰਧੀ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਜਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਭੁਪਿੰਦਰ ਸਿੰਘ, ਗੁਰਮੇਲ ਸਿੰਘ, ਸਕੂਲ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ। ਰੈਲੀ ਉਪਰੰਤ ਸੈਮੀਨਾਰ ਦੌਰਾਨ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ.ਡਮਾਣਾ ਨੇ ਦੱਸਿਆ ਬਰਸਾਤ ਦੇ ਮੌਸਮ ਦੀ ਆਮਦ ਸ਼ੁਰੂ ਹੁੰਦਿਆਂ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਡੇਂਗੂ ਤੋਂ ਬਚਣ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਡੇਂਗੂ ਹੋਣ ਤੇ ਤੇਜ਼ ਬੁਖਾਰ ਮਾਸਪੇਸ਼ੀਆਂ ਅਤੇ ਜੋੜਾਂ ਅਤੇ ਹੱਡੀਆਂ ਵਿਚ ਦਰਦ ਅੱਖਾਂ ਦੇ ਪਿੱਛੇ ਖਿੱਚ ਤੇ ਦਰਦ ਅਤੇ ਉਲਟੀਆਂ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਅਜਿਹੀ ਸੂਰਤ ਵਿਚ ਜਲਦੀ ਤੋਂ ਜਲਦੀ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਡੇਂਗੂ ਦੇ ਸਾਰੇ ਟੈਸਟ ਅਤੇ ਇਲਾਜ਼ ਫ੍ਰੀ ਕੀਤਾ ਜਾਂਦਾ ਹੈ। ਇਹ ਬਿਮਾਰੀ ਪੈਦਾ ਹੀ ਨਾ ਹੋਵੇ ਇਸ ਲਈ ਇਸ ਦੇ ਸਰੋਤ ਨੂੰ ਖ਼ਤਮ ਕੀਤਾ ਜਾਣਾ ਜਰੂਰੀ ਹੈ ਤੇ ਇਹ ਸਰੋਤ ਹੈ ਮੱਛਰ। ਇਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ, ਤੇ ਕਿਸੇ  ਛੋਟੇ ਤੋਂ ਛੋਟੇ ਖੜੇ ਪਾਣੀ ਦੇ ਸਰੋਤ ਵਿਚ ਆਪਣੇ ਅੰਡੇ ਦੇ ਦਿੰਦਾ ਹੈ। ਇਸ ਲਈ  ਹਰ ਸ਼ੁਕਰਵਾਰ ਡੇਂਗੂ ਤੇ ਪ੍ਰਹਾਰ ਵੱਜੋਂ ਮਨਾਇਆ ਜਾਂਦਾ ਹੈ। ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ, ਜਾਨਵਰਾਂ ਤੇ ਪੰਛੀਆਂ ਦੇ ਪਾਣੀ ਦੇ ਬਰਤਨ ਆਦਿ ਵਿੱਚ ਜਮ੍ਹਾ ਪਾਣੀ ਵਿਚ ਪੈਦਾ ਹੁੰਦਾ ਹੈ ਤੇ ਇਕ ਹਫ਼ਤੇ ਦੇ ਵਿਚ ਉਹ ਪੂਰਾ ਅਡਲਟ ਮੱਛਰ ਬਣ ਜਾਂਦਾ ਹੈ। ਇਸ ਲਈ ਘਰ ਵਿਚ ਪਾਣੀ ਵਾਲੇ ਉਪਰੋਕਤ ਸਰੋਤਾਂ ਨੂੰ ਪੂਰੀ ਤਰ੍ਹਾਂ ਡਰਾਈ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕਦਾ ਹੈ। ਐਸਐਮਓ ਡਾ.ਬੈੰਸ ਨੇ ਵਾਟਰ ਬੌਰਨ ਬੀਮਾਰੀਆ ਖਾਸ ਕਰ ਡਾਇਰੀਆ ਤੋਂ ਬਚਾਅ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਗਰਮੀ ਅਤੇ ਮੌਨਸੂਨ ਦੇ ਮੌਸਮ ਵਿੱਚ ਅਕਸਰ ਬੱਚਿਆਂ ਨੂੰ ਦਸਤ ਦੀ ਸ਼ਿਕਾਇਤ ਬਹੁਤ ਆਮ ਹੈ। ਪਰ ਜੇਕਰ ਸਮੇਂ ਸਿਰ ਦਸਤਾਂ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਦਸਤਾਂ ਦੀ ਰੋਕਥਾਮ ਲਈ ਸਭ ਤੋਂ ਆਸਾਨ ਤਰੀਕਾ ਹੈ ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਗੋਲੀ ਦੀ ਜੋੜੀ, ਜੋ ਕਿ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੈ। ਓ.ਆਰ.ਐਸ ਬੱਚਿਆਂ ਵਿੱਚ ਦਸਤਾਂ ਕਾਰਣ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰੀ ਕਰਦਾ ਹੈ ਅਤੇ ਜ਼ਿੰਕ ਦਸਤ ਘੱਟ ਕਰਦਾ ਹੈ ਅਤੇ ਜਲਦੀ ਠੀਕ ਕਰਦਾ ਹੈ। ਜ਼ਿੰਕ ਦੀਆਂ ਗੋਲੀਆਂ ਪੂਰੇ 14 ਦਿਨ ਦੇਣ ’ਤੇ ਅਗਲੇ ਤਿੰਨ ਮਹੀਨੇ ਤੱਕ ਦਸਤਾਂ ਅਤੇ ਨਿਮੋਨੀਆਂ ਦੋਨੋ ਤੋਂ ਬਚਾਅ ਰਹਿੰਦਾ ਹੈ ਅਤੇ ਇਹ ਟਾਨਿਕ ਦਾ ਕੰਮ ਕਰਦੀ ਹੈ। ਜਿਸ ਨਾਲ ਬੱਚੇ ਦੀ ਭੁੱਖ ਅਤੇ ਸਿਹਤ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ। ਬੱਚੇ ਦੇ ਅਤੇ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰੋ।