ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ, ਹੁਸ਼ਿਆਰਪੁਰ ਵੱਲੋਂ ਦਸੂਹਾ ਬਲਾਕ ਦੇ ਪਿੰਡ ਡਡਿਆਲ ਵਿਖੇ ਫ਼ਸਲ ਪ੍ਰਦਰਸ਼ਨੀਆਂ ਤਹਿਤ ਤਿਲਾਂ ਦੀ ਕਾਸ਼ਤ ਬਾਬਤ ਕਿਸਾਨ ਗੋਸ਼ਠੀ ਦਾ ਆਯੋਜਨ ਕੀਤਾ ਗਿਆ।ਗੋਸ਼ਠੀ ਦੀ ਸ਼ੁਰੂਆਤ ਵਿਚ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਡਾ.ਮਨਿੰਦਰ ਸਿੰਘ ਬੌੰਸ ਨੇ ਤਿਲਾਂ ਦੀਆਂ ਫ਼ਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਚਾਨਣਾ ਪਾਇਆ। ਉਨ੍ਹਾਂ ਤਿਲਾਂ ਦੀ ਫ਼ਸਲ ਪ੍ਰਦਰਸ਼ਨੀ ਤਹਿਤ ਉੱਨਤ ਕਿਸਮ- ਪੰਜਾਬ ਤਿਲ ਨੰਬਰ 2 ਦੀ ਸਫਲ ਕਾਸ਼ਤ ਦੇ ਢੰਗ, ਖਾਦਾਂ ਦੀ ਵਰਤੋਂ, ਕੀੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਫ਼ਸਲ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਅਗੇਤੀ ਬੀਜੀ (ਜੂਨ ਮਹੀਨੇ) ਫ਼ਸਲ ’ਤੇ ਫਾਇਲੋਡੀ (ਫੁੱਲਾਂ ਦਾ ਰੋਗ) ਦਾ ਹਮਲਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਾਇਲੋਡੀ ਵਾਲੇ ਬੂਟਿਆਂ ਨੂੰ ਪੁੱਟ ਕੇ ਮਿੱਟੀ ਹੇਠ ਦਬਾ ਦੇਣਾ ਚਾਹੀਦਾ ਹੈ, ਤਾਂ ਜੋ ਬਿਮਾਰੀ ਅੱਗੇ ਨਾ ਵੱਧ ਸਕੇ। ਫ਼ਸਲ ਨੂੰ ਝੜਨ ਤੋਂ ਬਚਾਉਣ ਲਈ ਬੂਟਿਆਂ ਦੇ ਰੰਗ ਪੀਲਾ ਪੈਣ ਅਤੇ ਫ਼ਲੀਆਂ ਖੁੱਲ੍ਹਣ ਦੀ ਸ਼ੁਰੂਆਤ ’ਤੇ ਵਾਢੀ ਕਰਨੀ ਚਾਹੀਦੀ ਹੈ।ਕਿਸਾਨਾਂ ਨਾਲ ਕੈਂਪ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਜ਼ਿਲ੍ਹਾ ਪਸਾਰ ਵਿਗਿਆਨੀ (ਕੀਟ ਵਿਗਿਆਨ) ਡਾ.ਰਾਕੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਲ ਵਿਗਿਆਨ) ਡਾ.ਇੰਦਰਾ ਦੇਵੀ ਅਤੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ.ਪ੍ਰਭਜੋਤ ਕੌਰ ਨੇ ਸਾਉਣੀ ਦੀਆਂ ਫਸਲਾਂ, ਫ਼ਲਾਂ ਤੇ ਸਬਜ਼ੀਆਂ ਦੇ ਸਰਵਪੱਖੀ ਕੀਟ ਪ੍ਰਬੰਧਨ ਅਤੇ ਪੌਸ਼ਟਿਕ ਫਲ ਬਗੀਚੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਤਿਲਾਂ ਦੀਆਂ ਪ੍ਰਦਰਸ਼ਨੀਆਂ ਬਾਬਤ ਬੀਜ ਅਤੇ ਖੇਤੀ ਸਾਹਿਤ ਮੁਹੱਈਆ ਕਰਵਾਇਆ ਗਿਆ ਅਤੇ ਪ੍ਰਦਰਸ਼ਨੀਆਂ ਲਈ ਮਿੱਟੀ ਪਰਖ ਦੇ ਨਮੂਨੇ ਵੀ ਲਏ ਗਏ।