ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਕਿਸਾਨਾਂ ਨੂੰ ਤਿਲਾਂ ਦੀ ਸਫਲ ਕਾਸ਼ਤ ਅਤੇ ਖੇਤੀ ਪ੍ਰਦਰਸ਼ਨੀਆਂ ਰਾਹੀਂ ਇਸਦੇ ਪਸਾਰ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਪਿੰਡ ਬਛੋਹੀ ਵਿਖੇ ਤਿਲਾਂ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਬਾਬਤ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਿਖਲਾਈ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਡਾ.ਮਨਿੰਦਰ ਸਿੰਘ ਬੌੰਸ ਨੇ ਤਿਲਾਂ ਦੀਆਂ ਫ਼ਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਚਾਨਣਾ ਪਾਇਆ। ਉਨ੍ਹਾਂ ਤਿਲਾਂ ਦੀ ਫ਼ਸਲ ਪ੍ਰਦਰਸ਼ਨੀ ਤਹਿਤ ਉੱਨਤ ਕਿਸਮ-ਪੰਜਾਬ ਤਿਲ ਨੰਬਰ 2 ਦੀ ਸਫਲ ਕਾਸ਼ਤ ਦੇ ਢੰਗ, ਖਾਦਾਂ ਦੀ ਵਰਤੋਂ, ਕੀੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਕਿਸਮ ਨੂੰ ਭਰਪੂਰ ਸ਼ਾਖਾਵਾਂ ਫੁੱਟਦੀਆਂ ਹਨ ਅਤੇ ਵਧੇਰੇ ਫ਼ਲੀਆਂ ਲੱਗਦੀਆਂ ਹਨ। ਇਹ ਕਿਸਮ ਤਕਰੀਬਨ 90 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 2.8 ਕੁਇੰਟਲ ਪ੍ਰਤੀ ਏਕੜ ਹੈ। ਕੈਂਪ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ.ਪਰਮਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ.ਪ੍ਰਭਜੋਤ ਕੌਰ ਅਤੇ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ.ਕਰਮਵੀਰ ਸਿੰਘ ਗਰਚਾ ਨੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਅਤੇ ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ ਅਤੇ ਬਾਈ ਪਾਸ ਫੈਟ ਦੀ ਵਰਤੋਂ, ਫਲਾਂ ਤੇ ਸਬਜੀਆਂ ਦੇ ਸਰਵਪੱਖੀ ਕੀਟ ਪ੍ਰਬੰਧਨ ਅਤੇ ਗਰਮੀ ਦੀਆਂ ਸਬਜ਼ੀਆਂ ਦੀਆਂ ਉਤਪਾਦਨ ਤਕਨੀਕਾਂ ਤੇ ਪੌਸ਼ਟਿਕ ਘਰ ਬਗੀਚੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਤਿਲਾਂ ਦੀਆਂ ਪ੍ਰਦਰਸ਼ਨੀਆਂ ਬੀਜ ਅਤੇ ਖੇਤੀ ਸਾਹਿਤ ਮੁਹੱਈਆ ਕਰਵਾਇਆ ਗਿਆ ਅਤੇ ਪ੍ਰਦਰਸ਼ਨੀਆ ਲਈ ਮਿੱਟੀ ਪਰਖ ਲਈ ਨਮੂਨੇ ਵੀ ਲਏ ਗਏ।