ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਜਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ। ਜਿਸ ਵਿਚ ਆਮ ਆਦਮੀ ਕਲੀਨਿਕ ਬਸੀ ਗ਼ੁਲਾਮ ਹੁਸੈਨ, ਹੈਲਥ ਐਂਡ ਵੈਲਨੈੱਸ ਸੈਂਟਰ ਬਜਵਾੜਾ, ਆਮ ਆਦਮੀ ਕਲੀਨਿਕ ਰਾਮਪੁਰ ਬਿੱਲੜੋਂ ਅਤੇ ਸੀਐਚਸੀ ਮਾਹਿਲਪੁਰ ਸ਼ਾਮਿਲ ਹਨ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਗਰਾਮ ਮੈਨੇਜਰ ਸ੍ਰੀ ਮੁਹੰਮਦ ਆਸਿਫ ਵੀ ਹਾਜ਼ਰ ਸਨ। ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਡਿਊਟੀ ਤੇ ਤਾਇਨਾਤ ਸਟਾਫ ਦੀ ਹਾਜ਼ਰੀ ਚੈਕ ਕੀਤੀ। ਸਾਰਾ ਸਟਾਫ ਹਾਜ਼ਰ ਸੀ। ਉਹਨਾਂ ਵੱਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ। ਉਹਨਾਂ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਲਈ ਹਿਦਾਇਤਾਂ ਜਾਰੀ ਕੀਤੀਆਂ। ਉਹਨਾਂ ਇਮੂਨਾਈਜੇਸ਼ਨ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਆਈਐਲਆਰ ਅਤੇ ਉਸ ਵਿਚ ਰੱਖੀ ਵੈਕਸੀਨ ਵੀ ਚੈੱਕ ਕੀਤੀ ਜੋ ਕਿ ਸਹੀ ਪਾਈ ਗਈ। ਉਹਨਾਂ ਏਐਨਐਮ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਹਾਈ ਰਿਸਕ ਗਰਭਵਤੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਉਹਨਾਂ ਦੇ ਵਾਧੂ ਚੈੱਕ ਅੱਪ ਕਰਵਾਏ ਜਾਣ। ਗਰਭਵਤੀਆਂ ਦੇ ਏਐਨਸੀ-1 ਤੇ ਏਐਨਸੀ-4 ਵੀ 100% ਪੂਰੇ ਕਰਨੇ ਯਕੀਨੀ ਬਣਾਏ ਜਾਣ। ਸਿਵਲ ਸਰਜਨ ਨੇ ਮੈਡੀਕਲ ਅਫਸਰ ਅਤੇ ਹੋਰ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਮੇਨਟੇਨ ਰੱਖਣ ਲਈ ਕਿਹਾ। ਉਨ੍ਹਾਂ ਨੇ ਆਏ ਹੋਏ ਮਰੀਜ਼ਾਂ ਪਾਸੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਡਿਊਟੀ ਤੇ ਤਾਇਨਾਤ ਸਟਾਫ ਦੇ ਕੰਮਕਾਜ, ਸਫਾਈ ਅਤੇ ਰਿਕਾਰਡ ਦੇ ਰੱਖ ਰਖਾਵ ਸੰਬੰਧੀ ਤਸੱਲੀ ਪ੍ਰਗਟਾਈ ਅਤੇ ਮਰੀਜ਼ਾਂ ਨਾਲ ਚੰਗਾ ਵਤੀਰਾ ਕਰਨ ਲਈ ਕਿਹਾ। ਉਹਨਾਂ ਨੇ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ।