ਟਾਂਡਾ,(ਰਾਜਦਾਰ ਟਾਇਮਸ): ਲੋਕ ਸਭਾ ਚੋਣਾਂ-2024 ਲਈ ਵਿਧਾਨ ਸਭਾ ਹਲਕਾ 41-ਉੜਮੁੜ ਦੇ ਏ.ਆਰ.ਓ ਵਿਓਮ ਭਾਰਦਵਾਜ ਨੇ ਸਰਕਾਰੀ ਕਾਲਜ ਟਾਂਡਾ ਵਿਖੇ ਮਿਤੀ 5 ਮਈ 2024 ਨੂੰ ਪੋਲਿੰਗ ਸਟਾਫ ਰਿਹਰਸਲ ਵਿਚ ਭਾਗ ਲੈਣ ਵਾਲੇ ਸਮੂਹ ਕਰਮਚਾਰੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੋਲਿੰਗ ਸਟਾਫ (ਸਿਵਾਏ ਗੜ੍ਹਸ਼ੰਕਰ) ਵੱਲੋਂ, ਜੋ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਦੇ ਵੋਟਰ ਹਨ, ਵੱਲੋਂ 12-ਏ ਫਾਰਮ ਭਰ ਕੇ ਈ.ਡੀ.ਸੀ ਜਾਰੀ ਕਰਵਾ ਕੇ ਆਪਣੀ ਵੋਟ ਪੋਲ ਕੀਤੀ ਜਾਣੀ ਹੈ। ਜੇਕਰ ਪੋਲਿੰਗ ਸਟਾਫ ਦੀ ਵੋਟ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਾਹਰਲੇ ਵਿਧਾਨ ਸਭਾ ਹਲਕੇ ਵਿਚ ਹੈ ਤਾਂ ਫਾਰਮ ਨੰਬਰ 12 ਭਰ ਕੇ ਪੋਸਟਲ ਬੈਲਟ ਜਾਰੀ ਕਰਵਾ ਕੇ ਵੋਟ ਪਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਆਪਣੇ ਡਿਊਟੀ ਆਰਡਰ ਦੇ ਨਾਲ ਦਿੱਤੇ ਗਏ 12-ਏ ਫਾਰਮ ਵਿਚ ਦਰਜ ਵੋਟਰ ਸੂਚੀ ਦੇ ਵੇਰਵੇ ਵੋਟਰ ਹੈਲਪਲਾਈਨ ਐਪ ਰਾਹੀਂ ਵੈਰੀਫਾਈ ਕੀਤੇ ਜਾਣ। ਜੇਕਰ ਇਨ੍ਹਾਂ ਵੇਰਵਿਆਂ ਵਿਚ ਕੋਈ ਗ਼ਲਤੀ ਹੈ ਤਾਂ ਇਸ ਨੂੰ ਸਪੱਸ਼ਟ ਤਰੀਕੇ ਨਾਲ ਦਰੁਸਤ ਕੀਤਾ ਜਾਵੇ। ਇਸ ਉਪਰੰਤ ਰਿਹਰਸਲ ਵਾਲੇ ਦਿਨ ਆਪਣਾ 12-ਏ/12 ਫਾਰਮ ਹਸਤਾਖ਼ਰ ਕਰਕੇ ਸਮੇਤ ਵੋਟਰ ਕਾਰਡ ਦੀ ਕਾਪੀ (ਸਵੈ-ਤਸਦੀਕ) ਅਤੇ ਚੋਣਾਂ ਲਈ ਲਗਾਈ ਗਈ ਡਿਊਟੀ ਦੇ ਆਰਡਰ ਦੀ ਇਕ ਕਾਪੀ (ਸਵੈ-ਤਸਦੀਕ) ਨਾਲ ਜਮ੍ਹਾ ਕਰਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਲਈ ਲੋੜੀਂਦਾ ਇਲੈਕਸ਼ਨ ਡਿਊਟੀ ਸਰਟੀਫਿਕੇਟ ਸਮੇਂ ਸਿਰ ਜਾਰੀ ਕੀਤਾ ਜਾ ਸਕੇ। ਉਨ੍ਹਾਂ ਕਰਮਚਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।