ਫਗਵਾੜਾ,(ਸ਼ਿਵ ਕੋੜਾ): ਸ੍ਰੀਮਾਨ 108 ਸੰਤ ਬਾਬਾ ਬੂਟਾ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ (ਰਜਿ.) ਵਲੋਂ 130 ਵਾਂ ਸਲਾਨਾ ਛਿੰਜ ਮੇਲਾ ਪਿੰਡ ਮਹੇੜੂ ਵਿਖੇ ਕਰਵਾਇਆ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ ਸੌਂਧੀ ਦੀ ਦੇਖ ਰੇਖ ਹੇਠ ਕਰਵਾਏ ਇਸ ਛਿੰਜ ਮੇਲੇ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਪਹਿਲਵਾਨਾਂ ਨੇ ਜੋਰ ਅਜਮਾਇਸ਼ ਕੀਤੀ। ਪਟਕੇ ਦੀ ਕੁਸ਼ਤੀ ਮਹਾਰਾਸ਼ਟਰ ਤੋਂ ਆਏ ਪਹਿਲਵਾਨ ਸਿਕੰਦਰ ਸ਼ੇਖ ਅਤੇ ਅਜੇ ਬਾਰਣ ਗੁਰੂਗ੍ਰਾਮ ਹਰਿਆਣਾ ਵਿਚਕਾਰ ਹੋਈ।ਜਿਸ ਵਿਚ ਸਿਕੰਦਰ ਸ਼ੇਖ ਜੇਤੂ ਰਿਹਾ। ਜੇਤੂ ਪਹਿਲਵਾਨ ਨੂੰ ਗੁਰਜ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਲਵਪ੍ਰੀਤ ਖੰਨਾ ਨੇ ਕਮਲਜੀਤ ਸਿੰਘ ਮੁੱਲਾਂਪੁਰ ਅਖਾੜਾ ਗਰੀਬ ਦਾਸ ਨੂੰ ਸ਼ਿਕਸਤ ਦਿੱਤੀ। ਪਹਿਲਵਾਨ ਖਲੀ ਧਲੇਤਾ ਨੇ ਜੱਸਾ ਪਹਿਲਵਾਨ ਰਾਏਪੁਰ ਡੱਬਾ ਅਖਾੜਾ ਨੂੰ ਹਰਾਇਆ। ਜਦਕਿ ਪਹਿਲਵਾਨ ਵੰਸ਼ ਪਟਿਆਲਾ ਨੇ ਲਖਵਿੰਦਰ ਆਰ.ਸੀ.ਐਫ. ਨੂੰ ਅਤੇ ਪਹਿਲਵਾਨ ਗਾਮਾ ਧਲੇਤਾ ਨੇ ਜਗਰੂਪ ਸ਼ੰਕਰ ਨੂੰ ਮਾਤ ਦਿੱਤੀ। ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਨਾਲ ਨਵਾਜਿਆ ਗਿਆ। ਕਲੱਬ ਦੇ ਸਰਪ੍ਰਸਤ ਮਨਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਅਤੇ ਬੀਬੀ ਬਲਜਿੰਦਰ ਕੌਰ ਮਹੇੜੂ ਨੇ ਦੱਸਿਆ ਕਿ ਇਸ ਛਿੰਜ ਮੇਲੇ ਵਿਚ ਕੁਆਲਮਪੁਰ ਅਖਾੜਾ ਮਹਾਰਾਸ਼ਟਰ, ਅਖਾੜਾ ਗੁਰਦੇਵ ਪਹਿਲਵਾਨ ਬਾਰਣ ਪਟਿਆਲਾ, ਮੀਰੀ ਪੀਰੀ ਅਖਾੜਾ ਖੰਨਾ, ਪੰਜਾਬ ਪੁਲਿਸ ਰੈਸਲਿੰਗ ਟੀਮ ਜਲੰਧਰ, ਸੁਭਾਸ਼ ਮਲਿਕ ਅਖਾੜਾ ਪਟਿਆਲਾ, ਰੇਲ ਕੋਚ ਫੈਕਟਰੀ, ਬੁੱਧ ਸਿੰਘ ਧਲੇਤਾ ਅਖਾੜਾ ਅਤੇ ਪੀ.ਆਰ.ਸੌਂਧੀ ਰੈਸਲਿੰਗ ਅਕੈਡਮੀ ਫਗਵਾੜਾ, ਹਰਭਜਨ ਸਿੰਘ ਅਖਾੜਾ ਪੱਖੋ ਕੇ, ਸ਼ਿਵਬਾੜੀ ਅਖਾੜਾ ਫਗਵਾੜਾ ਤੋਂ ਪਹੁੰਚੇ 40 ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਉਹਨਾਂ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਦੀ ਆਜਾਦੀ ਤੋਂ ਵੀ ਕਾਫੀ ਪਹਿਲਾਂ ਤੋਂ ਇੱਹ ਸਲਾਨਾ ਛਿੰਜ ਮੇਲਾ ਸਾਲ 1906 ਵਿਚ ਸ੍ਰੀਮਾਨ 108 ਸੰਤ ਬਾਬਾ ਬੂਟਾ ਸਿੰਘ ਵਲੋਂ ਸ਼ੁਰੂ ਕਰਵਾਇਆ ਸੀ। ਪੰਜਾਬ ਦੀ ਵੰਡ ਤੋਂ ਪਹਿਲਾਂ ਹੁਣ ਦੇ ਪਾਕਿਸਤਾਨ ਸਮੇਤ ਵਿਦੇਸ਼ਾਂ ਤੋਂ ਪਹਿਲਵਾਨ ਇੱਥੇ ਜੋਰ ਅਜਮਾਇਸ਼ ਕਰਨ ਆਉਂਦੇ ਰਹੇ ਹਨ। ਇਸ ਮੌਕੇ ਕੁਲਦੀਪ ਸਿੰਘ ਮਾਨ ਅਮਰੀਕਾ, ਸੁਖਵਿੰਦਰ ਕੌਰ ਯੂ.ਐਸ.ਏ, ਗੁਦਾਵਰ ਸਿੰਘ ਯੂ.ਐਸ.ਏ, ਸੁਨੀਲ ਦੱਤ ਪੀ.ਏ.ਪੀ, ਅਮਰੀਕ ਸਿੰਘ ਅੰਤਰ ਰਾਸ਼ਟਰੀ ਪਹਿਲਵਾਨ, ਰਵਿੰਦਰ ਨਾਥ ਕੋਚ, ਪਹਿਲਵਾਨ ਸੁਭਾਸ਼ ਮਲਿਕ, ਹਰੀ ਕ੍ਰਿਸ਼ਨ ਰੇਲ ਕੋਚ ਫੈਕਟਰੀ, ਪਹਿਲਵਾਨ ਗੁਰਦੇਵ ਸਿੰਘ, ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।