ਫਗਵਾੜਾ,(ਸ਼ਿਵ ਕੋੜਾ): ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ ਸਥਾਨਕ ਉਂਕਾਰ ਨਗਰ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕੀਤਾ। ਉਨ੍ਹਾਂ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦੀ ਧਰੋਹਰ ਹੁੰਦੇ ਹਨ। ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਯੂਥ ਵੈਲਫੇਅਰ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਹ ਕੈਂਪ ਲੋੜਵੰਦ ਪਰਿਵਾਰਾਂ ਲਈ ਬਹੁਤ ਲਾਹੇਵੰਦ ਹੋਵੇਗਾ। ਇਸ ਦੌਰਾਨ ਬਾਲ ਰੋਗ ਮਾਹਿਰ ਡਾ.ਚਿਮਨ ਅਰੋੜਾ (ਦਿੱਲੀ ਚਾਇਲਡ ਹਸਪਤਾਲ) ਨੇ ਬੱਚਿਆਂ ਦੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਸਿਹਤ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਮੌਸਮ ਵਿੱਚ ਬਦਲਾਅ ਦੇ ਦੌਰਾਨ ਬੱਚਿਆਂ ਨੂੰ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਹੋਣਾ ਆਮ ਗੱਲ ਹੈ, ਪਰ ਸਮੇਂ ਸਿਰ ਦਵਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਦੇ ਵਧਣ ਤੋਂ ਪਹਿਲਾਂ ਹੀ ਠੀਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਮਨ ਮਰਜੀ ਨਾਲ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ। ਅਜਿਹਾ ਕਰਨਾ ਕਈ ਵਾਰ ਬੱਚੇ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਸੁਸਾਇਟੀ ਦੇ ਅਹੁਦੇਦਾਰਾਂ ਸਮਰ ਗੁਪਤਾ, ਪੱਪੂ ਸਿੰਘ, ਚਮਨ ਠਾਕੁਰ, ਬਨਾਰਸੀ ਅਤੇ ਹਰਸ਼ ਬੇਦੀ ਦੀ ਤਰਫ਼ੋਂ ਜੋਗਿੰਦਰ ਸਿੰਘ ਮਾਨ ਅਤੇ ਡਾ.ਚਿਮਨ ਅਰੋੜਾ ਦਾ ਧੰਨਵਾਦ ਕੀਤਾ ਗਿਆ।