ਬੀਬੀ ਕਾਲੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਨੇ ਜਲੰਧਰਪਠਾਨਕੋਟ ਕੀਤਾ ਜਾਮ

ਸਿਆਸੀ ਦਬਾਅ ਤੋਂ ਦੁਖੀ ਦੋ ਬਜ਼ੁਰਗ ਔਰਤਾਂ ਵੀ ਧਰਨੇ ਵਿੱਚ ਹੋਈਆਂ ਸ਼ਾਮਲ

ਜਨਵਰੀ ਨੂੰ ਕੱਢਿਆ ਜਾਵੇਗਾ ਸ਼ਹਿਰ ਵਿੱਚ ਰੋਸ ਮਾਰਚ 

ਦਸੂਹਾ,(ਰਾਜਦਾਰ ਟਾਇਮਸ): ਡੀਐਸਪੀ ਦਸੂਹਾ ਦੇ ਦਫ਼ਤਰ ਅੱਗੇ ਲਾਇਆ ਧਰਨਾ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਦੇ ਰੋਸ ਧਰਨੇ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਟੱਕਰ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਕਾਹਲੋਂ ਅਤੇ ਲੱਖੀ ਮੁਲਤਾਨੀ ਨੇ ਸਾਂਝੇ ਤੌਰ ’ਤੇ ਕੀਤੀ। ਬੀਬੀ ਕਾਲੜਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਲੰਧ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੇ ਪੁਲੀਸ ਦਾ ਪੁਤਲਾ ਫੂਕਿਆ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੱਲਾ ਅਤੇ ਪ੍ਰਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਦਸੂਹਾ ਪੁਲੀਸ ਵੱਲੋਂ ਬੀਬੀ ਸੁਰਿੰਦਰ ਕੌਰ ਕਾਲੜਾ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਜਾਅਲੀ ਮੈਰਿਜ ਸਰਟੀਫਿਕੇਟ ਜਾਰੀ ਕਰਨ ਦੀ ਝੂਠੀ ਕਹਾਣੀ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਝੂਠੇ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪੱਧਰੀ ਆਗੂ ਸਵਿੰਦਰ ਸਿੰਘ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀ ਸੂਬਾ ਪੱਧਰੀ ਕਮੇਟੀ ਇਸ ਧਰਨੇ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਤੋਂ ਬਾਅਦ 8 ਜਨਵਰੀ ਨੂੰ ਦਸੂਹਾ ਧਰਨੇ ਵਿੱਚ ਸ਼ਾਮਲ ਹੋ ਕੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਇਸ ਧੱਕੇਸ਼ਾਹੀ ਖ਼ਿਲਾਫ਼ ਰੋਸ ਮਾਰਚ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਝੂਠੇ ਕੇਸ ਨੂੰ ਰੱਦ ਕਰਕੇ ਬੀਬੀ ਕਾਲੜਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਜੇਕਰ ਸਰਕਾਰ ਅਜੇ ਵੀ ਨਾ ਜਾਗੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ। ਚੇਤੇ ਰਹੇ ਕਿ ਅੱਜ ਪਿੰਡ ਬੱਦੋਬਾਕਰਟ ਦੀ ਵਸਨੀਕ ਇੱਕ ਬਜ਼ੁਰਗ ਔਰਤ, ਨੇਤਰਹੀਣ ਬੱਚਿਆਂ ਦੀ ਮਾਂ ਰਜਿੰਦਰ ਕੌਰ, ਜਿਸ ਦੀ ਜ਼ਮੀਨ ਵਿਧਾਇਕ ਦੇ ਸਿਆਸੀ ਪ੍ਰਭਾਵ ਕਾਰਨ ਤਬਾਹ ਹੋ ਗਈ ਸੀ, ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ। ਬਜ਼ੁਰਗ ਔਰਤ ਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਤਾਂ ਮਿਲ ਗਈ ਪਰ ਅੱਜ ਤੱਕ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਪਿੰਡ ਖੁਣਖੁਣ ਖੁਰਦ ਦੀ ਵਸਨੀਕ ਪਰਮਜੀਤ ਕੌਰ, ਜਿਸ ਨੂੰ ਉਸ ਦੇ ਪੁੱਤਰ ਨੇ ਸਿਆਸੀ ਮੁੱਦਿਆਂ ਨੂੰ ਲੈ ਕੇ ਆਪਣੀ ਮਾਂ ਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਸੀ, ਨੇ ਵੀ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਇਸ ਸਮੇਂ ਕਸ਼ਮੀਰ ਸਿੰਘ ਫੱਤਾ ਕੁੱਲਾ, ਅਰਵਿੰਦਰ ਸਿੰਘ ਰਾਣਾ, ਸੁਸ਼ੀਲ ਕੁਮਾਰ ਪਿੰਕੀ, ਛਿੰਦਾ ਸੰਧੂ, ਹਰਬੰਸ ਸਿੰਘ, ਸਤਨਾਮ ਸਿੰਘ ਔਲਖ, ਮਹਿੰਦਰ ਸਿੰਘ, ਮਨਮੋਹਨ ਸਿੰਘ, ਸਰਪੰਚ ਜਸਬੀਰ ਸਿੰਘ, ਜਤਿੰਦਰ ਕੌਰ, ਸੀਮਾ ਰਾਣੀ, ਅਮਰਜੀਤ ਕੌਰ, ਪਰਮਜੀਤ ਕੌਰ, ਨੀਲਮ ਰਾਣੀ, ਗੁਰਮੀਤ ਕੌਰ, ਸੰਤੋਸ਼ ਕੁਮਾਰੀ, ਸੁਖਵਿੰਦਰ ਕੌਰ, ਪੂਨਮ ਕੌਰ ਅਤੇ ਹੋਰ ਵੀ ਹਾਜ਼ਰ ਸਨ।