ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਕੇਂਦਰ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਸਮੱਗਰੀ ਲੈ ਕੇ ਜਾਣ ਵਾਲੀ ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਨੇ ਬੀ.ਡੀ.ਪੀ.ਓ ਹੁਸ਼ਿਆਰਪੁਰ-1 ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ, ਡੀ.ਡੀ.ਪੀ.ਓ ਭੁਪਿੰਦਰ ਸਿੰਘ ਮੁਲਤਾਨੀ, ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਏ.ਡੀ.ਸੀ ਨੇ ਦੱਸਿਆ ਕਿ ਵੈਨ ਵਿਚ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਪੈਂਫਲੈਟ, ਕਿਤਾਬਚੇ ਆਦਿ ਜਾਣਕਾਰੀ ਸਮੱਗਰੀ ਜ਼ਿਲ੍ਹਿਆਂ ਦੇ ਪੇਂਡੂ ਖੇਤਰਾਂ ਵਿਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਲਬੱਧ ਹੋਵੇਗੀ। ਇਸ ਦਾ ਉਦੇਸ਼ ਸਾਰੇ ਯੋਗ ਲਾਭਪਾਤਰੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਪ੍ਰਦਾਨ ਕਰਨਾ ਹੈ।ਇਹ ਵੈਨ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਵੀਡੀਓ, ਲਾਭਪਾਤਰੀਆਂ ਦੇ ਵੀਡੀਓ ਅਤੇ ਕੁਝ ਹੋਰ ਛੋਟੀਆਂ ਜਾਗਰੂਕਤਾ ਫਿਲਮਾਂ ਦਿਖਾਉਣ ਲਈ ਇਕ ਸਾਊਂਡ ਸਿਸਟਮ ਅਤੇ ਡਿਜੀਟਲ ਐਲ. ਈ. ਡੀ ਸਕਰੀਨ ਨਾਲ ਵੀ ਲੈਸ ਹੈ। ਏ.ਡੀ.ਸੀ ਬਲਰਾਜ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਸਾਰੇ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ ਜੋ ਆਪਣੀ ਬਿਹਤਰ ਜ਼ਿੰਦਗੀ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਕੁਝ ਥਾਵਾਂ ’ਤੇ ਆਪਣੇ ਨਾਮ ਦਰਜ ਕਰਵਾਏ ਹਨ, ਉਨ੍ਹਾਂ ਨੂੰ ਮੌਕੇ ’ਤੇ ਹੀ ਲਾਭ ਮੁਹੱਈਆ ਕਰਵਾਇਆ ਜਾਵੇਗਾ।