ਫਗਵਾੜਾ,(ਸ਼ਿਵ ਕੋੜਾ): ਅਮਰ ਸ਼ਹੀਦ ਸ੍ਰੀ 108 ਸੰਤ ਰਾਮਾ ਨੰਦ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਡਾ.ਅੰਬੇਡਕਰ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਹੁਣ 27 ਨਵੰਬਰ ਦੀ ਬਜਾਏ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਅਵਤਾਰ ਕਜਲਾ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਇਹ ਸਮਾਗਮ 27 ਨਵੰਬਰ ਨੂੰ ਕਰਵਾਉਣ ਦੀ ਸਹਿਮਤੀ ਬਣੀ ਸੀ, ਪਰ ਕੁਝ ਕਾਰਨਾ ਕਰਕੇ ਸਮਾਗਮ ਦੀ ਤਰੀਖ ਨੂੰ ਅੱਗੇ ਵਧਾਇਆ ਗਿਆ ਹੈ। ਉਹਨਾਂ ਦੱਸਿਆ ਕਿ 15 ਦਸੰਬਰ ਨੂੰ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਛਤਰ ਛਾਇਆ ਅਤੇ 108 ਸੰਤ ਨਿਰੰਜਣ ਦਾਸ ਮਹਾਰਾਜ ਡੇਰਾ ਸਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਸਰਕਾਰੀ ਹਾਈ ਸਕੂਲ ਹਦੀਆਬਾਦ ਦੀ ਫੁਟਬਾਲ ਗਰਾਉਂਡ ਵਿਖੇ ਇਹ ਸੰਤ ਸੰਮੇਲਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਵੇਰੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਹੋਣਗੇ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਰਵੀ ਸ਼ੌਕਰ (ਹਰਿਆਣਾ) ਦਾ ਜੱਥਾ ਕੀਰਤਨ ਸਰਵਣ ਕਰਵਾਏਗਾ ਅਤੇ ਸੰਤ ਪ੍ਰਵਚਨ ਹੋਣਗੇ। ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਹਨਾਂ ਸਮੂਹ ਰਵਿਦਾਸੀਆ ਸਮਾਜ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਸੰਤਾਂ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈਣ ਦੀ ਪੁਰਜੋਰ ਅਪੀਲ ਵੀ ਕੀਤੀ।