ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਣ ਲਈ ਜਿਲ੍ਹੇ ਵਿੱਚ ਚਲ ਰਹੇ ਤੀਬਰ ਮਿਸ਼ਨ ਇੰਦਰਧਨੁਸ਼ 5.0 ਦੇ ਤੀਜੇ ਗੇੜ ਦਾ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੁਹਿੰਮ ਸੰਬੰਧੀ ਵੱਖ-ਵੱਖ ਸਿਹਤ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਟੀਕਾਕਰਨ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਾ.ਸੀਮਾ ਗਰਗ ਵਲੋਂ ਹੈਲਥ ਐਂਡ ਵੈਲਨੈਸ ਸੈਂਟਰ ਰੰਧਾਵਾ, ਉਸਮਾਨ ਸ਼ਹੀਦ ਅਤੇ ਦਵਾਖੜੀ ਦਾ ਦੌਰਾ ਕੀਤਾ ਗਿਆ। ਡਾ.ਸੀਮਾ ਗਰਗ ਵੱਲੋਂ ਮੌਕੇ ਤੇ ਮੌਜੂਦ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨਾਲ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ, ਬੱਚਿਆਂ ਦਾ ਸਮੇਂ ਸਿਰ ਸੰਪੂਰਨ ਟੀਕਾਕਰਨ ਕਰਵਾਉਣ ਬਾਰੇ, ਬੱਚਿਆਂ ਨੂੰ ਨਿਮੋਨੀਆਂ ਅਤੇ ਡਾਇਰੀਆ ਤੋਂ ਬਚਾਅ ਬਾਰੇ ਵਿਸਥਾਰਪੂਰਣ ਜਾਣਕਾਰੀ ਸਾਂਝੀ ਕੀਤੀ ਗਈ। ਮਿਸ਼ਨ ਇੰਦਰ ਧਨੁਸ਼ ਦੇ ਮਕਸਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਖਾਸ ਕਰ ਝੁੱਗੀ ਝੋਪੜੀਆਂ, ਇੱਟਾਂ ਦੇ ਭੱਠੇ, ਨਵੀਆਂ ਬਣ ਰਹੀਆਂ ਇਮਾਰਤਾਂ ਚ ਕੰਮ ਕਰਦੀ ਲੇਬਰ, ਗੁੱਜਰਾਂ ਦੇ ਡੇਰੇ ਅਤੇ ਹੋਰ ਪ੍ਰਵਾਸੀ ਆਬਾਦੀ’ਚ ਰਹਿ ਰਹੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਕਿਸੇ ਕਾਰਣ ਅਧੂਰਾ ਰਹਿ ਗਿਆ ਹੋਵੇ ਜਾਂ ਹੋਇਆ ਹੀ ਨਾ ਹੋਵੇ ਨੂੰ ਕਵਰ ਕੀਤਾ ਜਾ ਰਿਹਾ ਹੈ। ਮਿਸ਼ਨ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਟੀਕਾਕਰਣ ਰਾਹੀਂ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਕੇ ਬਾਲ ਅਤੇ ਮਾਤਰੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।ਡਾ.ਸੀਮਾ ਗਰਗ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਜਿਨ੍ਹਾਂ ਬੱਚਿਆਂ ਦਾ ਬੀਸੀਜੀ ਅਤੇ ਪੀਸੀਵੀ ਕਿਸੇ ਕਾਰਣ ਕਰਕੇ ਨਹੀਂ ਲਗਾ ਅਤੇ ਜੇਕਰ ਬੱਚਾ ਇੱਕ ਸਾਲ ਦਾ ਨਹੀਂ ਹੋਇਆ ਤਾਂ ਉਹ ਮਾਪੇ ਇਸ ਵਿਸ਼ੇਸ਼ ਮੁਹਿੰਮ ਦਾ ਲਾਭ ਜਰੂਰ ਲੈਣ। ਇਸੇ ਤਰ੍ਹਾਂ 5 ਸਾਲ ਤੱਕ ਦੇ ਬੱਚੇ ਜਿਨ੍ਹਾਂ ਦੇ ਐਮਆਰ-1 ਅਤੇ ਐਮਆਰ-2 ਦਾ ਟੀਕਾਕਰਨ ਨਹੀਂ ਹੋਇਆ ਉਹ ਵੀ ਆਪਣੇ ਬੱਚਿਆਂ ਦੇ ਟੀਕਾ ਜਰੂਰ ਲਗਵਾਉਣ।