ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਣ ਲਈ ਤੀਬਰ ਮਿਸ਼ਨ ਇੰਦਰਧਨੁਸ਼ 5.0 ਦੇ ਤੀਜੇ ਗੇੜ ਦੇ ਪਹਿਲੇ ਦਿਨ ਦੀ ਅੱਜ ਰਸਮੀ ਸ਼ੁਰੂਆਤ ਜਿਲ੍ਹੇ ਭਰ ਦੀਆਂ ਸਮੂਹ ਸੰਸਥਾਵਾਂ ਵਿੱਚ ਕੀਤੀ ਗਈ। ਮੁਹਿਮ ਦੌਰਾਨ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਜਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵਲੋਂ ਜ਼ਿਲੇ ਵਿਚ ਵੱਖ-ਵੱਖ ਸਿਹਤ ਸੰਸਥਾਵਾਂ ਤੇ ਲਗਾਏ ਗਏ ਟੀਕਾਕਰਣ ਕੈਂਪਾ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਵੀਸੀਸੀਐਮ ਉਪਕਾਰ ਸਿੰਘ ਅਤੇ ਨਵਪ੍ਰੀਤ ਕੌਰ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਣ ਅਧਿਕਾਰੀ ਡਾ.ਸੀਮਾ ਗਰਗ ਨੇ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਦਾ ਇਹ ਤੀਜਾ ਗੇੜ 20 ਨਵੰਬਰ ਤੋਂ 25 ਨਵੰਬਰ ਤੱਕ ਚੱਲੇਗਾ। ਇਸ ਮਿਸ਼ਨ ਦਾ ਮੁੱਖ ਮਕਸਦ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਣ ਕਰਨਾ ਹੈ। ਇਸ ਦੌਰਾਨ ਝੁੱਗੀ ਝੋਪੜੀਆਂ, ਇੱਟਾਂ ਦੇ ਭੱਠੇ, ਨਵੀਆਂ ਬਣ ਰਹੀਆਂ ਇਮਾਰਤਾਂ ਚ ਕੰਮ ਕਰਦੀ ਲੇਬਰ, ਗੁੱਜਰਾਂ ਦੇ ਡੇਰੇ ਅਤੇ ਹੋਰ ਪ੍ਰਵਾਸੀ ਆਬਾਦੀ’ਚ ਰਹਿ ਰਹੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਕਿਸੇ ਕਾਰਣ ਅਧੂਰਾ ਰਹਿ ਗਿਆ ਹੋਵੇ ਜਾਂ ਹੋਇਆ ਹੀ ਨਾ ਹੋਵੇ ਨੂੰ ਕਵਰ ਕੀਤਾ ਜਾਵੇਗਾ। ਡਾ.ਸੀਮਾ ਨੇ ਦੱਸਿਆ ਕਿ ਕਿਸੇ ਵੀ ਕਾਰਨ ਕਰਕੇ ਲੈਫਟ ਆਊਟ ਤੇ ਡਰਾਪ ਆਊਟ ਬੱਚਿਆਂ ਦਾ ਵੀ ਇਸ ਪ੍ਰੋਗਰਾਮ ਦੇ ਤਹਿਤ ਟੀਕਾਕਰਣ ਕੀਤਾ ਜਾਵੇਗਾ। ਇਹ ਮਿਸ਼ਨ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਟੀਕਾਕਰਣ ਰਾਹੀਂ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਕੇ ਬਾਲ ਅਤੇ ਮਾਤਰੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਪਿੰਡਾਂ ਦੀ ਸਥਾਪਿਤ ਆਬਾਦੀ ਤੋਂ ਦੁਰੇਡੇ ਰਹਿੰਦੇ ਪਰਿਵਾਰਾਂ ਤੱਕ ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਪਹੁੰਚ ਬਣਾਉਣਗੀਆਂ। ਡਾ.ਸੀਮਾ ਗਰਗ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਲੋਕ ਵੱਧ ਤੋਂ ਵਧ ਲਾਭ ਚੁੱਕਣ ਤੇ ਇਹ ਜਾਣਕਾਰੀ ਵਧ ਤੋਂ ਵਧ ਲੋਕਾਂ ਨਾਲ ਸਾਂਝੀ ਕਰਨ।