ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੀ ਅਗਵਾਈ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਬਾਲ ਦਿਵਸ ਮੌਕੇ ਸਲੱਮ ਏਰੀਆ, ਸੁੰਦਰ ਨਗਰ, ਹੁਸ਼ਿਆਰਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੀ.ਜੇ.ਐਮ ਅਪਰਾਜਿਤਾ ਜੋਸ਼ੀ ਨੇ ਝੁੱਗੀ-ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਅਥਾਰਟੀ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਅਤੇ ਔਰਤਾਂ ਤੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਕਿਸ-ਕਿਸ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ ਅਤੇ ਕਿਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਥਾਰਟੀ ਵੱਲੋਂ ਚਲਾਈਆਂ ਗਈਆਂ ਸਕੀਮਾਂ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਹੁਸ਼ਿਆਰਪੁਰ ਵਿਖੇ ਲਗਾਏ ਜਾਣ ਵਾਲੇ ਪ੍ਰੀ-ਲਿਟੀਗੇਟਿਵ ਕੇਸਾਂ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਦੱਸਿਅ ਗਿਆ ਕਿ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਟੈਲੀਫੋਨ ਕੰਪਨੀਆਂ ਦੇ ਕੇਸ, ਬੈਂਕਾਂ ਦੇ ਕੇਸ ਆਦਿ, ਜੋ ਅਦਾਲਤਾਂ ਵਿਚ ਨਹੀਂ ਚੱਲਦੇ, ਉਹ ਇਕ ਸਾਦੀ ਦਰਖ਼ਾਸਤ ਦੇ ਕੇ ਦਾਇਰ ਕੀਤੇ ਜਾ ਸਕਦੇ ਹਨ ਅਤੇ ਸਥਾਈ ਲੋਕ ਅਦਾਲਤ ਵਿਖੇ ਕੇਸ ਲਗਾਉਣ ਲਈ ਵਕੀਲ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ ਪੋਕਸੋ ਐਕਟ ਅਤੇ ਨਾਲਸਾ ਸਕੀਮ, ਲੋਕ ਅਦਾਲਤਾਂ ਦੇ ਲਾਭ ਅਤੇ ਜੁਵੇਨਾਈਲ ਜਸਟਿਸ ਐਕਟ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਤੋਂ ਪਵਨ ਕੁਮਾਰ ਹਾਜ਼ਰ ਸੀ। ਉਪਰੋਕਤ ਤੋਂ ਇਲਾਵਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਲੀਗਲ ਲਿਟਰੇਸੀ ਕਲੱਬਾਂ ਵੱਲੋਂ ਬਾਲ ਦਿਵਸ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਡਿਪਟੀ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ, ਹੁਸ਼ਿਆਰਪੁਰ ਹਰਜਿੰਦਰ ਕੁਮਾਰ ਵੱਲੋਂ ਜੁਵੇਨਾਈਲ ਹੋਮ, ਰਾਮ ਕਲੋਨੀ ਕੈਂਪ ਵਿਖੇ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਚੰਗੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਗਈ।