ਮੁਕੇਰੀਆਂ,(ਰਾਜ਼ਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਦੇ ਇੰਸਟੀਚਿਊਟ ਇਨੋਵੇਸ਼ਨ ਸੈਂਟਰ (ਆਈ.ਆਈ.ਸੀ) ਵੱਲੋਂ ਵੇਰਕਾ ਮਿਲਕ ਪਲਾਂਟ ਜਲੰਧਰ ਦਾ ਇੱਕ ਵਿਆਪਕ ਉਦਯੋਗਿਕ ਦੌਰਾ ਕੀਤਾ ਗਿਆ।ਇਸ ਸਬੰਧੀ ਆਈ.ਆਈ.ਸੀ ਵਿਭਾਗ ਦੇ ਕੋਆਰਡੀਨੇਟਰ ਡਾ.ਦੀਪਿਕਾ ਸ਼ਰਮਾ ਨੇ ਦੱਸਿਆ ਕਿ ਇਹ ਉਦਯੋਗਿਕ ਟੂਰ ਕਾਲਜ ਦੇ ਪਿ੍ੰਸੀਪਲ ਡਾ.ਸਮੀਰ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ| ਦੌਰੇ ਦਾ ਉਦੇਸ਼ ਦੁੱਧ ਪ੍ਰੋਸੈਸਿੰਗ ਉਦਯੋਗ ਬਾਰੇ ਵਿਵਹਾਰਕ ਸਮਝ ਪ੍ਰਾਪਤ ਕਰਨਾ, ਉਨ੍ਹਾਂ ਦੀਆਂ ਉਤਪਾਦਨ ਤਕਨੀਕਾਂ ਬਾਰੇ ਜਾਣਨਾ ਅਤੇ ਪਲਾਂਟ ਦੇ ਸੰਚਾਲਨ ਨੂੰ ਵੇਖਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਵਿਖੇ ਕੱਚੇ ਦੁੱਧ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਫਿਰ ਇਸਦੀ ਗੁਣਵੱਤਾ, ਪਾਸਚਰਾਈਜ਼ੇਸ਼ਨ, ਹੋਮੋਜਨਾਈਜ਼ੇਸ਼ਨ, ਪੈਕੇਜਿੰਗ, ਸਟੋਰੇਜ ਅਤੇ ਵੰਡਣ ਦੀ ਪ੍ਰਕਿਰਿਆ ਬਾਰੇ ਬਾਰੀਕੀ ਨਾਲ ਸਮਝਿਆ। ਐੱਮ.ਐੱਸ.ਸੀ ਭੌਤਿਕ ਵਿਗਿਆਨ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕ-ਇੰਚਾਰਜ ਡਾ.ਅਰਵਿੰਦ ਕੁਮਾਰ ਚੌਹਾਨ ਨੂੰ ਰੋਜ਼ਾਨਾ ਦੇ ਸੰਚਾਲਨ ਲਈ ਪਲਾਂਟ ਦੇ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਅਤੇ ਤਕਨਾਲੋਜੀ ਦੀ ਭੂਮਿਕਾ ਬਾਰੇ ਚਰਚਾ ਕਰਨ ਲਈ ਇੰਟਰਐਕਟਿਵ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਡਾ.ਦੀਪਿਕਾ ਸ਼ਰਮਾ ਨੇ ਇਸ ਟੂਰ ਦੇ ਆਯੋਜਨ ਅਤੇ ਯੋਗ ਪ੍ਰਬੰਧਨ ਵਿੱਚ ਭਰਪੂਰ ਸਹਾਇਤਾ ਦੇਣ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ, ਡਾ.ਸਮੀਰ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਸ ਨਾਲ ਆਈ.ਆਈ.ਸੀ ਅਤੇ ਵਿਦਿਆਰਥੀਆਂ ਨੂੰ ਅਜਿਹਾ ਸੁਚੱਜਾ ਅਨੁਭਵ ਪ੍ਰਾਪਤ ਹੋਇਆ।