ਆਸ਼ਾ ਕਿਰਨ ਸਕੂਲ ਵਿੱਚ ਸਪੈਸ਼ਲ ਬੱਚਿਆਂ ਦਾ ਹੋ ਰਿਹੈ ਸਕਾਰਾਤਮਕ ਵਿਕਾਸ : ਪਿ੍.ਆਸਾਪੁਰ ਸਿੰਘ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸਪੈਸ਼ਲ ਬੱਚਿਆਂ ਦੀ ਸ਼ਕਤੀ ਨੂੰ ਸਕਾਰਾਤਮਕ ਰੂਪ ਵਿੱਚ ਲਗਾਉਣ ਲਈ ਯਤਨ ਕਰਨ ਪ੍ਰਤੀ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਦਾ ਸਮੂਹ ਸਟਾਫ ਅਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਘੱਟ ਹੈ, ਇਹ ਪ੍ਰਗਟਾਵਾ ਚੌਧਰੀ ਬਲਵੀਰ ਸਿੰਘ ਪਬਲਿਕ ਸਕੂਲ ਸੀਨੀਅਰ ਤੇ ਜੂਨੀਅਰ ਵਿੰਗ ਆਰੀਆ ਸਮਾਜ ਰੋਡ ਦੇ ਪਿ੍ਰੰਸੀਪਲ ਆਸਾਪੁਰ ਸਿੰਘ ਬੇਦੀ ਵੱਲੋਂ ਉਨ੍ਹਾਂ ਦੇ ਸਕੂਲ ਵਿੱਚ ਸਪੈਸ਼ਲ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਮੋਮਬੱਤੀਆਂ ਦੀ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਮਬੱਤੀਆਂ ਬਣਾਉਣਾ ਵੀ ਇੱਕ ਕਲਾ ਹੈ, ਜਿਸ ਨਾਲ ਜਿੱਥੇ ਸਪੈਸ਼ਲ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਮਦਦ ਮਿਲਦੀ ਹੈ ਉੱਥੇ ਹੀ ਇਹ ਕਲਾ ਭਵਿੱਖ ਵਿੱਚ ਇਨ੍ਹਾਂ ਬੱਚਿਆਂ ਨੂੰ ਆਤਮ-ਨਿਰਭਰ ਬਣਨ ਵਿੱਚ ਵੀ ਮਦਦ ਕਰੇਗੀ। ਸਕੂਲ ਵਿੱਚ ਇਸ ਪ੍ਰਦਰਸ਼ਨੀ ਦਾ ਉਦਘਾਟਨ ਜੂਨੀਅਰ ਵਿੰਗ ਦੇ ਇੰਚਾਰਜ ਮਿਸਿਜ ਲਲਿਤਾ ਨੇ ਕੀਤਾ ਤੇ ਉਨ੍ਹਾਂ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਪ੍ਰਤੀ ਸਪੈਸ਼ਲ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਵੋਕੇਸ਼ਨਲ ਟ੍ਰੇਨਿੰਗ ਦੌਰਾਨ ਸਕੂਲ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ਦੌਰਾਨ ਸਪੈਸ਼ਲ ਬੱੱਚਿਆਂ ਨੂੰ ਮੋਮਬੱਤੀਆਂ ਬਣਾਉਣ ਦੀ ਕਲਾ ਸਿਖਾਈ ਜਾਂਦੀ ਹੈ ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਸੀ.ਏ.ਤਰਨਜੀਤ ਸਿੰਘ ਵੱਲੋਂ ਚੌਧਰੀ ਬਲਵੀਰ ਸਿੰਘ ਪਬਲਿਕ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਇਸ ਪ੍ਰਦਰਸ਼ਨੀ ਦੌਰਾਨ ਸਪੈਸ਼ਲ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਹਰਮੇਸ਼ ਤਲਵਾੜ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਅਧਿਆਪਕ ਅਨੀਤਾ ਰਾਣੀ, ਜੋਤੀ ਬਾਲਾ ਆਦਿ ਵੀ ਮੌਜੂਦ ਰਹੇ।