ਆਯੂਸ਼ਮਾਨ ਕਾਰਡ ਬਣਵਾਓ, ਇੱਕ ਲੱਖ ਤੱਕ ਦਾ ਨਗਦ ਇਨਾਮ ਪਾਓ: ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ) : ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸ਼ਹਿਰ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਰਬਤ ਸਿਹਤ ਬੀਮਾਂ ਯੋਜਨਾਂ ਦੇ ਕਾਰਡ ਬਣਾਉਣ ਲਈ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਮੁਨਾਦੀ ਰਿਕਸ਼ੇ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਦੀ ਅਗਵਾਈ ਵਿੱਚ ਮੁਨਾਦੀ ਰਿਕਸ਼ਾ ਤੋਂ ਇਲਾਵਾ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਜਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਬਲਾਕਾਂ ਤੋਂ ਸੀਨੀਅਰ ਮੈਡੀਕਲ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਏਐਨਐਮ ਸਕੂਲ ਦੇ ਟਿਊਟਰ ਅਤੇ ਵਿਦਿਆਰਥਣਾਂ ਸ਼ਾਮਿਲ ਹੋਈਆਂ। ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਰਬਤ ਸਿਹਤ ਬੀਮਾਂ ਯੋਜਨਾਂ ਦੇ ਅਧੀਨ ਲਾਭਪਾਤਰੀਆਂ ਦੇ ਈ ਕਾਰਡ ਬਨਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਵਾਲੇ ਲਾਭਪਾਤਰੀਆਂ ਲਈ ਦਿਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮਿਤੀ 16 ਅਕਤੂਬਰ ਤੋਂ 30 ਨਵੰਬਰ 2023 ਤੱਕ ਕਾਰਡ ਬਣਾਉਣ ਵਾਲੇ ਵਿਅਕਤੀਆਂ ਵਿੱਚੋਂ ਦਸ ਲੋਕਾਂ ਨੂੰ ਤੇ ਦਿਵਾਲੀ ਬੰਪਰ ਡਰਾਅ ਰਾਹੀਂ ਲੱਕੀ ਡਰਾਅ ਜ਼ਰੀਏ ਚੁਣਿਆ ਜਾਵੇਗਾ। ਜਿਸ ਵਿੱਚ ਪਹਿਲਾ ਇਨਾਮ ਇੱਕ ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਤੁਸੀਂ ਆਪਣਾ ਆਯੂਸ਼ਮਾਨ ਕਾਰਡ ਖੁਦ ਘਰ ਬੈਠੇ “ਆਯੂਸ਼ਮਾਨ ਐਪ” ਨਾਲ ਵੀ ਬਣਾ ਸਕਦੇ ਹੋ ਜਾਂ ਕਾਰਡ ਬਣਾਉਣ ਲਈ ਨਜ਼ਦੀਕੀ ਆਸ਼ਾ ਵਰਕਰ ਜਾਂ ਸੂਚੀਵੱਧ ਹਸਪਤਾਲ ਵਿੱਚ ਸੰਪਰਕ ਕਰ ਸਕਦੇ ਹੋ। ਕਾਰਡ ਬਣਾਉਣ ਲਈ ਕਿਊਆਰ ਕੋਡ ਤੋਂ ਆਯੂਸ਼ਮਾਨ ਐਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਜਨਾਂ ਤਹਿਤ ਰਜਿਸਟਰਡ ਲਾਭਪਾਤਰੀਆਂ ਦਾ ਹਸਪਤਾਲ ਵਿੱਚ ਦਾਖਲ ਹੋਣ ਤੇ ਪਰਿਵਾਰਕ ਮੈਂਬਰਾਂ ਦਾ ਸਲਾਨਾਂ 5 ਲੱਖ ਤੱਕ ਦਾ ਮੁਫ਼ਤ ਇਲਾਜ਼ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਸਮੇਂ ਜਿਲੇ ਦੇ ਲੱਗਭਗ 2,31,208 ਰਜਿਸਟਰਡ ਪਰਿਵਾਰ ਹਨ, ਰਜਿਸਟਰਡ ਪਰਿਵਾਰਾਂ ਦੇ ਹਰੇਕ ਮੈਂਬਰ ਦਾ ਕਾਰਡ ਬਣਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀ 80 ਫੀਸਦੀ ਤੋਂ ਵੱਧ ਕਵਰੇਜ ਹੈ। ਪਰ ਉਹਨਾਂ ਸਮੂਹ ਰਹਿੰਦੇ ਲਾਭਪਾਤਰੀਆਂ ਨੂੰ ਕਾਰਡ ਬਣਾਉਣ ਦੀ ਅਪੀਲ ਕੀਤੀ, ਤਾਂ ਜੋ ਯੋਗ ਲਾਭ ਪਾਤਰੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਕਾਰਡ ਬਨਵਾਉਣ ਲਈ ਜਾਣ ਸਮੇਂ ਯੋਗ ਲਾਭਪਾਤਰੀਆਂ ਨੂੰ ਆਪਣਾ ਅਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ (ਛੋਟੇ ਵਪਾਰੀ), ਆਦਿ ਵਿੱਚੋਂ ਕੋਈ ਇੱਕ ਦਸਤਾਵੇਜ਼ ਨਾਲ ਲੈ ਕੇ ਜਾਣਾ ਜਰੂਰੀ ਹੈ।