ਬਰਸਾਤਾਂ ਦੇ ਮੌਸਮ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਮੱਦੇਨਜ਼ਰ ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵੱਲੋਂ ਅਚਨਚੇਤ ਚੈਕਿੰਗ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਨੇ ਵੈਕਟਰ ਬੋਰਨ ਬੀਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਵਾਟਰ ਬੋਰਨ ਬੀਮਾਰੀਆਂ ਦੇ ਸੀਜਨ ਦੀ ਆਮਦ ‘ਤੇ ਜਿਲਾ ਹਸਪਤਾਲ ਹੁਸ਼ਿਆਰਪੁਰ ਵਿਖੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ ਤਾਂ ਜੋ ਆਮ ਲੋਕਾਂ ਨੂੰ ਉੱਥੇ ਮਿਲਣ ਵਾਲੀਆਂ ਸਹੂਲਤਾਂ ਦਾ ਨਿਰੀਖਣ ਕਰਕੇ ਹੋਰ ਬਿਹਤਰ ਬਣਾਇਆ ਜਾ ਸਕੇ ਅਤੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਮਾਈਕ੍ਰੋਲੈਬ, ਆਯੁਰਵੈਦਿਕ ਡਿਸਪੈਂਸਰੀ ਅਤੇ ਡੇਂਗੂ ਵਾਰਡ ਦਾ ਮੁਆਇਨਾ ਕੀਤਾ।

ਡੇਂਗੂ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਿਵਲ ਸਰਜਨ ਨੇ ਸਿਵਲ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਨੂੰ ਡੇਂਗੂ ਨਾਲ ਨਜਿੱਠਣ ਲਈ ਤਿਆਰੀਆਂ ਪੂਰੀਆਂ ਕਰਨ ਲਈ ਨਿਰਦੇਸ਼ਾਂ ਦਿੱਤੇ। ਉਹਨਾਂ ਨੇ ਡਾ. ਸਵਾਤੀ ਨੂੰ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲਭਦਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ  ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਮਾਈਕ੍ਰੋਲੈਬ ਚੈਕ ਕਰਦਿਆਂ ਡਾ ਮੱਧੂ ਚੋਪੜਾ ਮਾਈਕ੍ਰੋਬਾਇਓਲੋਜਿਸਟ ਨੂੰ ਜਰੂਰ ਟੈਸਟਾਂ ਲਈ ਲੋੜੀਂਦੇ ਸਮਾਨ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਨੇ ਸਾਫ ਸਫ਼ਾਈ ਅਤੇ ਬਾਇਓ ਮੈਡੀਕਲ ਵੇਸਟ ਦਾ ਖ਼ਾਸ ਤੌਰ ਤੇ ਨਿਰੀਖਣ ਕੀਤਾ ਅਤੇ ਸਾਰੇ ਬਾਇਓ ਮੈਡੀਕਲ ਵੇਸਟ ਨੂੰ ਨਿਯਮਾਂ ਅਨੁਸਾਰ ਡਿਸਪੋਜ਼ ਆਫ ਕਰਨ ਦੀ ਹਿਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪਲਾਜਮਾ ਸੈਪਰੇਟਰ ਮਸ਼ੀਨ ਨੂੰ ਵੀ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਇਆ ਜਾਵੇ।  ਉਹਨਾਂ ਨੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ। ਹਾਜ਼ਰ ਸਟਾਫ ਨੂੰ ਮਰੀਜ਼ਾਂ ਦੇ ਰਿਕਾਰਡ ਦੇ ਰੱਖ ਰਖਾਵ ਸੰਬੰਧੀ ਵੀ ਹਦਾਇਤ ਦਿੰਦੇ ਹੋਏ ਮਰੀਜਾਂ ਦਾ ਰਿਕਾਰਡ ਮੇਨਟੇਨ ਰੱਖਣ ਸੰਬੰਧੀ ਕਿਹਾ। ਉਹਨਾਂ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਪਿਆਰ ਵਾਲਾ ਰਵੱਈਆ ਅਪਨਾਉਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਸਿਹਤ ਸੰਸਥਾ ਵਿਚ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡੀਪੀਐਮ ਮੁਹੰਮਦ ਆਸਿਫ ਵੀ ਹਾਜ਼ਰ ਸਨ ।