ਵਿਧਾਇਕ ਸੁਖਵਿੰਦਰ ਸੁੱਖੀ ਦੀ ਮਾਰਫ਼ਤ ਭੇਜਿਆ ਮੁੱਖ ਮੰਤਰੀ ਨੂੰ ਮੰਗ ਪੱਤਰ
ਬੰਗਾ,(ਜਤਿੰਦਰ ਕਲੇਰ): ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਭਸ ਨਗਰ ਦੀ ਅਗਵਾਈ ਹੇਠ ਡਾ.ਸੁਖਵਿੰਦਰ ਸੁੱਖੀ ਵਿਧਾਇਕ ਦੀ ਮਾਰਫ਼ਤ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ।ਪ੍ਰੈਸ ਨਾਲ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਪੈਨਸ਼ਨ ਕੋਈ ਖੈਰਾਤ ਨਹੀਂ, ਮੁਲਾਜ਼ਮ ਦਾ ਹੱਕ ਹੈ।ਇਹ ਫੈਸਲਾ ਭਾਰਤ ਦੀ ਸਰਵ ਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਕਰ ਚੁੱਕੀ ਹੈ ਕਿ ਪੈਨਸ਼ਨ ਮੁਲਾਜ਼ਮ ਦੇ ਬੁਢਾਪੇ ਦਾ ਸਹਾਰਾ ਹੈ।ਸਰਕਾਰ ਨੇ ਮੁਲਾਜਮ ਨੂੰ ਪੈਨਸ਼ਨ ਆਪਣੇ ਕੋਲੋ ਨਹੀਂ ਦੇਣੀ ਹੁੰਦੀ ਸਗੋਂ, ਉਸ ਦੀ ਤਨਖਾਹ ਵਿੱਚੋਂ ਕੱਟੇ ਹਿੱਸੇ ਵਿੱਚੋ ਹੀ ਵਾਪਿਸ ਕਰਨੀ ਹੁੰਦੀ ਹੈ।ਪਰ ਸਰਕਾਰਾ ਮਾਣਯੋਗ ਸਰਵ ਉੱਚ ਅਦਾਲਤ ਦਾ ਫੈਸਲਾਂ ਮੰਨਣ ਤੋਂ ਵੀ ਇਨਕਾਰ ਕਰ ਰਹੀਆਂ ਹਨ। ਇਸ ਲਈ ਮੁਲਾਜ਼ਮ ਹੁਣ ਆਪਣਾ ਖੁਸਿਆ ਹੋਇਆ ਹੱਕ ਲੈਕੇ ਰਹਿਣਗੇ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਮੁੱਦੇ ਉੱਤੇ ਮੁਲਾਜਮਾਂ ਨਾਲ ਡੰਗ ਟਪਾਉ ਨੀਤੀਆਂ ਹੀ ਅਪਣਾਦੀਆਂ ਰਹੀਆਂ ਹਨ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ 20 ਸਾਲ ਤੱਕ ਖਜਾਨਾ ਖਾਲੀ ਹੋਣ ਦਾ ਰਾਗ ਹੀ ਅਲਾਪਦੇ ਰਹੇ ਅਤੇ ਆਪਣੀ ਪ੍ਰਾਪਰਟੀ ਦੁਗਣੀ ਕਰੀ ਗਏ।ਉਨ੍ਹਾਂ ਕਿਹਾ ਕਿ ਇੱਕ ਮੁਲਾਜਮ ਆਪਣੀ ਜਿੰਦਗੀ ਦੇ 35-40 ਸਾਲ ਇੱਕ ਵਿਭਾਗ ਦੀ ਸੇਵਾ ਕਰਦਾ ਹੈ, ਉਸ ਨੂੰ ਨਾਮਾਤਰ ਪੈਨਸ਼ਨ ਦਿੱਤੀ ਜਾਂਦੀ ਹੈ।ਮਾਨ ਨੇ ਕਿਹਾ ਕਿ ਹੁਣ ਮੁਲਾਜਮ ਇਸ ਅਨਿਆ ਦੇ ਵਿਰੁੱਧ ਚੁੱਪ ਕਰਕੇ ਨਹੀਂ ਬੈਠਣਗੇ।ਉਨ੍ਹਾਂ ਹਲਕਾ ਵਿਧਾਇਕ ਰਾਂਹੀ ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੰਗ ਪੱਤਰ ਵੀ ਭੇਜਦਿਆ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਵੀ ਰਾਜਸਥਾਨ ਅਤੇ ਸ਼ੱਤੀਸਗੜ੍ਹ ਸਰਕਾਰਾਂ ਦੀ ਤਰ੍ਹਾਂ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਚਾਹੀਦੀ ਹੈ।ਇਸ ਮੌਕੇ ਬਲਵਿੰਦਰ ਕੌਰ, ਲਾਲੀ ਜੋਸੀ, ਹਰਪ੍ਰੀਤ ਬੰਗਾ, ਜੁਗਰਾਜ ਸਿੰਘ, ਪਵਨ ਕੁਮਾਰ, ਅਸ਼ੋਕ ਪਠਲਾਵਾ, ਸ਼ੁਦੇਸ ਦੀਵਾਨ, ਕਿਸ਼ਨ ਕੁਮਾਰ, ਰਾਮ ਲਾਲ, ਨੀਲ ਕਮਲ ਅਤੇ ਪਵਨਦੀਪ ਵੀ ਮੌਜੂਦ ਸਨ।