ਸੰਗਰੂਰ ਵਿਚ ਨੌਕਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜਗਾਰ ਨੌਜਵਾਨਾਂ ਦੇ ਸਮਰਥਨ ਵਿਚ ਆਏ ਖੰਨਾ

ਸੀਨੀਅਰ ਅਕਾਲੀ ਆਗੂ ਭਾਜਪਾ ਵਿਚ ਸ਼ਾਮਿਲ, ਖੰਨਾ ਨੇ ਕੀਤਾ ਸਵਾਗਤ

ਭਵਾਨੀਗੜ੍ਹ,(ਵਿਜੈ ਗਰਗ): ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਸਮੇਂ ਬੇਰੁਜਗਾਰਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ।ਕਿਉਕਿ ਬੇਰੁਜਗਾਰੀ ਦੇ ਸਤਾਏ ਨੌਜਵਾਨ ਸੜਕਾਂ ਤੇ ਉਤਰਕੇ ਰੁਜਗਾਰ ਦੀ ਮੰਗ ਕਰ ਰਹੇ ਹਨ।ਮੁੱਖ ਮੰਤਰੀ ਦੇ ਆਪਣੇ ਹੀ ਸ਼ਹਿਰ ਸੰਗਰੂਰ ਵਿਚ ਹੀ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਪਾਣੀ ਦੀ ਟੈਂਕੀ ਤੇ ਚੜੇ ਹੋਏ ਹਨ।ਜਦੋਂਕਿ ਚੋਣਾਂ ਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਰੁਜਗਾਰ ਮੰਗਣ ਦੇ ਲਈ ਨਾ ਤਾਂ ਸੜਕਾਂ ਤੇ ਆਉਣਾ ਪਵੇਗਾ ਅਤੇ ਨਾ ਹੀ ਪਾਣੀ ਦੀਆਂ ਟੈਂਕੀਆਂ ਤੇ ਚੜਨ ਦੇ ਲਈ ਮਜਬੂਰ ਹੋਣਾ ਪਵੇਗਾ। ਖੰਨਾ ਨੇ ਯੂਥ ਅਕਾਲੀ ਦਲ (ਬ) ਪੰਜਾਬ ਸਕੱਤਰ ਪ੍ਰਤਾਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਹਲਕਾ ਸੰਗਰੂਰ ਦੇ ਆਈਟੀ ਵਿੰਗ ਇੰਚਾਰਜ ਜਸਪ੍ਰੀਤ ਸਿੰਘ ਅਕੋਈ ਸਾਹਿਬ, ਹਰਬੰਸ ਕੌਰ ਪੰਚ ਬਖੋਪੀਰ ਅਤੇ ਇਸਤਰੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਕਰਮਜੀਤ ਕੌਰ ਬਖੋਪੀਰ ਨੂੰ ਭਾਜਪਾ ਵਿਚ ਸ਼ਾਮਿਲ ਹੋਣ ਤੇ ਉਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਹੋਰ ਵੀ ਕਈ ਪਾਰਟੀਆਂ ਦੇ ਸੀਨੀਅਰ ਆਗੂ ਭਾਜਪਾ ਵਿਚ ਸ਼ਾਮਿਲ ਹੋਣ ਜਾ ਰਹੇ ਹਨ।ਉਨਾਂ ਪਾਰਟੀ ਵਿਚ ਸ਼ਾਮਿਲ ਹੋਏ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦੇਣ ਦੀ ਗੱਲ ਆਖੀ। ਖੰਨਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਪੱਖੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਲੋਕ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।ਕਿਉਕਿ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀ ਬਿਹਤਰੀ ਦੇ ਲਈ ਕਈ ਵੱਡੇ ਫੈਸਲੇ ਕੀਤੇ ਹਨ, ਜਿਨਾਂ ਤੋਂ ਲੋਕ ਅੱਜ ਪੂਰੀ ਤਰਾਂ ਸੰਤੁਸ਼ਟ ਹਨ।ਉਨਾਂ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ  ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਪਾਰਟੀ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਦੇ ਲਈ ਹੋਰਨਾਂ ਸੀਨੀਅਰ ਆਗੂਆਂ ਨਾਲ ਮਿਲਕੇ ਠੋਸ ਯਤਨ ਕਰ ਰਹੇ ਹਨ। ਉਨਾਂ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਰਨਾਂ ਪਾਰਟੀਆਂ ਤੋਂ ਜੋ ਚੰਗੀ ਛਵੀ ਵਾਲੇ ਲੋਕ ਭਾਜਪਾ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ, ਉਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੇ ਲਈ ਕਦਮ ਅੱਗੇ ਵਧਾਉਣੇ ਚਾਹੀਦੇ ਹਨ। ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਉਦਿਆਂ ਸ਼ਾਨਦਾਰ ਜਿੱਤ ਦਵਾਈ ਅਤੇ ਹੁਣ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ। ਬੇਰੁਜਗਾਰ ਨੌਜਵਾਨ ਅੱਜ ਵੀ ਰੁਜਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਹਨ।ਜਦੋਂਕਿ ਬੇਰੁਜਗਾਰ ਨੌਜਵਾਨਾਂ ਨੂੰ ਉਮੀਦ ਸੀ ਕਿ ਸੱਤਾ ਬਦਲਣ ਤੋਂ ਬਾਅਦ ਰੁਜਗਾਰ ਮਿਲੇਗਾ, ਜਿਸਦੀ ਉਹ ਪਿਛਲੇ ਲੰਮੇ ਸਮੇਂ ਤੋਂ ਮੰਗ ਕਰ ਹਰਹੇ ਹਨ।ਪ੍ਰੰਤੂ ਪੰਜਾਬ ਦੀ ਸੱਤਾ ਤਾਂ ਬਦਲ ਗਈ ਪ੍ਰੰਤੂ ਬੇਰੁਜਗਾਰ ਨੌਜਵਾਨਾਂ ਦੀ ਕਿਸਮਤ ਨਹੀਂ ਬਦਲੀ।ਐਨੇ ਪੜੇ ਲਿਖੇ ਹੋਣ ਦੇ ਬਾਵਜੂਦ ਬੇਰੁਜਗਾਰ ਨੌਜਵਾਨ ਸੜਕਾਂ ਦੀ ਖਾਕ ਛਾਣ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸ਼ਹਿਰ ਸੰਗਰੂਰ ਵਿਚ ਪੁਲਿਸ ਭਰਤੀ ਦੀ ਸਾਰੀ ਪ੍ਰੀਕ੍ਰਿਆ ਪੂਰੀ ਕਰਨ ਵਾਲੇ ਬੇਰੁਜਗਾਰ ਨੌਜਵਾਨ ਨੌਕਰੀ ਦੀ ਮੰਗ ਕਰਦੇ ਹੋਏ ਪਾਣੀ ਦੀ ਟੈਂਕੀ ਤੇ ਚੜੇ ਹੋਏ ਹਨ, ਜੋ ਬਹੁਤ ਦੁੱਖ ਦੀ ਗੱਲ ਹੈ। ਉਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਿਨਾਂ ਨੌਜਵਾਨਾਂ ਨੇ ਪਹਿਲਾਂ ਤੋਂ ਹੀ ਪੁਲਿਸ ਭਰਤੀ ਦੀ ਪ੍ਰੀਕਿ੍ਆ ਪੂਰੀ ਕੀਤੀ ਹੋਈ ਹੈ, ਉਨਾਂ ਨੂੰ ਪਹਿਲ ਦੇ ਆਧਾਰ ਤੇ ਭਰਤੀ ਕੀਤਾ ਜਾਣਾ ਚਾਹੀਦਾ।ਇਸ ਮੌਕੇ ਕਪਿਲ ਦੇਵ ਗਰਗ, ਅਜੈਬ ਸਿੰਘ ਬਖੋਪੀਰ, ਟਿੰਕੂ ਸਰਪੰਚ ਸੰਤੋਖਪੁਰਾ ਅਤੇ ਹਰੀ ਸਿੰਘ ਫੱਗੂਵਾਲਾ ਆਦਿ ਮੌਜੂਦ ਸਨ।