ਭਵਾਨੀਗੜ੍ਹ,(ਵਿਜੈ ਗਰਗ): ਆਮ ਤੌਰ ਤੇ ਲੋਕ ਅਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਸਮੇਂ ਅਪਣੇ ਪਰਿਵਾਰਾਂ ਤੱਕ ਸੀਮਿਤ ਹੋ ਕੇ ਰਵਾਇਤੀ ਢੰਗ ਨਾਲ ਜਸਨ ਮਨਾ ਲੈਂਦੇ ਹਨ। ਪਰ ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਅਪਣੇ ਬੱਚਿਆਂ ਦੀ ਖੁਸ਼ੀ ਸਮੁੱਚੀ ਲੋਕਾਈ ਨਾਲ ਸਾਂਝੀ ਕਰਕੇ ਕੋਈ ਨਿਵੇਕਲਾ ਕਾਰਜ ਕਰਦੇ ਹਨ। ਕੁੱਝ ਅਜਿਹਾ ਹੀ ਉਪਰਾਲਾ ਕੀਤਾ, ਪਿੰਡ ਜਲਾਣ ਦੇ ਸਾਬਕਾ ਸਰਪੰਚ ਕੇਵਲ ਸਿੰਘ ਤੂਰ ਨੇ। ਜਿੰਨਾ ਨੇ ਅਪਣੀ ਪੋਤਰੀ ਗਹਿਰ ਕੌਰ ਤੂਰ ਦੇ ਜਨਮ ਦਿਨ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈੰਦਿਆਂ ਅਖੰਡ ਪਾਠ ਸਾਹਿਬ ਪ੍ਰਕਾਸ ਕਰਵਾਏ ਤੇ ਭੋਗ ਮੌਕੇ ਢਾਡੀ ਦਰਬਾਰ ਸਜਾਇਆ।ਜਿਸ ਮੌਕੇ ਢਾਡੀ ਭਾਨ ਸਿੰਘ ਭੌਰਾ ਦੇ ਢਾਡੀ ਜੱਥੇ ਅਤੇ ਕਵੀਸ਼ਰੀ ਜੱਥੇ ਵੱਲੋਂ ਗੁਰੂ ਘਰ ਦਾ ਪ੍ਰਸੰਗ ਸੁਣਾ ਕੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੂਰ ਪਰਿਵਾਰ ਦੇ ਮੁੱਖੀ ਸਮਾਜ ਸੇਵੀ ਤੇ ਸਾਬਕਾ ਸਰਪੰਚ ਕੇਵਲ ਸਿੰਘ ਤੂਰ ਅਤੇ ਸਮੁੱਚੇ ਪਰਿਵਾਰ ਵੱਲੋਂ ਅੱਜ ਅਪਣੇ ਘਰ ਦਾ ਸਿੰਗਾਰ ਪੋਤਰੀ ਗਹਿਰ ਕੌਰ ਤੂਰ ਦਾ ਜਨਮ ਦਿਨ ਮਨਾਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਹੈ ਤੇ ਭੋਗ ਮੌਕੇ ਢਾਡੀ ਦਰਬਾਰ ਸਜਾ ਕੇ ਇੱਕ ਨਿਵੇਕਲੀ ਪਿਰਤ ਪਾਈ ਹੈ ਜੋਕਿ ਬਹੁਤ ਸਲਾਘਾਯੋਗ ਹੈ।ਗੱਲਬਾਤ ਕਰਦਿਆਂ ਕੇਵਲ ਸਿੰਘ ਤੂਰ ਨੇ ਕਿਹਾ ਕਿ ਉਹਨਾਂ ਦੇ ਸਪੁੱਤਰ ਕਿਰਨਜੀਤ ਸਿੰਘ ਅਤੇ ਨੂੰਹ ਸਮਿੰਦਰ ਕੌਰ ਦੀ ਗੋਦ ਵਿੱਚ ਲੰਮੇ ਅਰਸੇ ਬਾਅਦ ਧੀ ਦੀ ਦਾਤ ਬਖਸੀ ਹੈ।ਜਿਸ ਦੀ ਸਮੁੱਚੇ ਪਰਿਵਾਰ ਨੂੰ ਅਥਾਹ ਖੁਸੀ ਹੈ ਤੇ ਅੱਜ ਇਹ ਖੁਸੀ ਪੂਰੇ ਇਲਾਕਾ ਨਿਵਾਸੀਆਂ ਤੇ ਮਿੱਤਰ ਦੋਸਤਾਂ ਨਾਲ ਸਾਂਝੀ ਕੀਤੀ ਗਈ ਹੈ।ਤੂਰ ਪਰਿਵਾਰ ਵੱਲੋਂ ਗੁਰੂ ਸਨਮਾਨਿਤ ਦੇ ਗ੍ਰੰਥੀਆਂ ਤੇ ਢਾਡੀ ਜੱਥੇ ਦੇ ਮੈਂਬਰਾਂ ਦਾ ਸਨਮਾਨ ਕੀਤਾ ਤੇ ਗੁਰਦੁਆਰਾ ਕਮੇਟੀ ਵੱਲੋਂ ਤੂਰ ਪਰਿਵਾਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇਲਾਕੇ ਦੇ ਰਾਜਨੀਤਕ ਸਮਾਜਿਕ ਧਾਰਮਿਕ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੇ ਸਿਰਕਤ ਕੀਤੀ।