ਪੰਜਾਬੀਆਂ ਨੇ ਮੋਦੀ ਨੂੰ ਇੱਕੀਆਂ ਦਾ ਕੱਤੀ ਕਰਕੇ ਵਾਪਸ ਮੋੜਿਆ : ਗੜ੍ਹੀ
720 ਸਿਵਹੇ ਬਾਲਕੇ ਮੋਦੀ ਪੰਜਾਬ ਵਿੱਚ ਸਵਾਗਤ ਦੇ ਫੁੱਲ ਦੀ ਭਾਲ ਕਿਵੇਂ ਕਰ ਸਕਦਾ
ਮੋਦੀ ਦਾ ਪੰਜਾਬ ਤੋਂ ਬਚਕੇ ਜਾਣ ਦਾ ਬਿਆਨ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼
ਚੰਡੀਗੜ੍ਹ/ਜਲੰਧਰ/ਫਗਵਾੜਾ,(ਜਤਿੰਦਰ ਪਾਲ ਸਿੰਘ ਕਲੇਰ): ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਲੋਕਾਂ ਨੂੰ ਅੰਦੋਲਨਜੀਵੀ ਅਤਿਵਾਦੀ ਅਤੇ ਹੋਰ ਕਈ ਨਾਵਾਂ ਨਾਲ ਸੰਬੋਧਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਪਵਿੱਤਰ ਧਰਤੀ ਤੇ ਪੈਰ ਪਾਏ ਇਹ ਰੱਬ ਵੀ ਨਹੀਂ ਚਾਹੁੰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਸਪਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਬਸਪਾ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਕਿਰਸਾਨੀ ਨੂੰ ਸੜਕਾਂ ਤੇ ਬਿਠਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਫਲਾਪ ਕਰਨ ਵਿੱਚ ਕੁਦਰਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕੁਦਰਤ ਵੀ ਨਹੀਂ ਚਾਹੁੰਦੀ ਕਿ ਨਰਿੰਦਰ ਮੋਦੀ ਦੇ ਪੈਰ ਪੰਜਾਬ ਦੀ ਜ਼ਮੀਨ ਤੇ ਪੇੈਣ। ਪੂਰੇ ਪੰਜਾਬ ਦੇ ਭਾਜਪਾਈ ਆਗੂਆਂ ਵੱਲੋਂ ਪ੍ਰਧਾਨਮੰਤਰੀ ਦੀ ਫ਼ਿਰੋਜ਼ਪੁਰ ਵਿੱਚ ਹੋਣ ਜਾ ਰਹੀ ਰੈਲੀ ਨੂੰ ਇਤਿਹਾਸਕ ਰੈਲੀ ਦੱਸਿਆ ਜਾ ਰਿਹਾ ਸੀ। ਜਿਸ ਦੀਆਂ ਤਿਆਰੀਆਂ ਭਾਜਪਾਈ ਆਗੂ ਪੱਬਾਂ ਭਾਰ ਹੋਕੇ ਕਰ ਰਹੇ ਸਨ ਪਰ ਸਿਆਣਿਆਂ ਦੀ ਕਹਾਵਤ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਜੋ ਕਿ ਸਿੱਧੀ ਮੋਦੀ ਦੇ ਗਿੱਟਿਆਂ ਵਿਚ ਵੱਜੀ ਹੈ। ਗੜ੍ਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਬਚਕੇ ਜਾਣ ਦਾ ਬਿਆਨ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਮੋਦੀ ਦਾ ਪੰਜਾਬ ਤੋਂ ਬੈਰੰਗ ਮੁੜਨਾ ਭਾਜਪਾ ਦੀਆਂ ਹਿਟਲਰਸ਼ਾਹੀ ਨੀਤੀਆ ਦਾ ਪੰਜਾਬੀਆਂ ਵੱਲੋਂ ਮੋੜਵਾਂ ਜਵਾਬ ਹੈ। ਪੰਜਾਬੀਆਂ ਨੇ ਮੋਦੀ ਨੂੰ ਇੱਕੀਆਂ ਦਾ ਕੱਤੀ ਕਰਕੇ ਵਾਪਸ ਮੋੜਿਆ ਹੈ। ਸ. ਗੜ੍ਹੀ ਨੇ ਮੋਦੀ ਦੇ ਸੁਰੱਖਿਅਤ ਵਾਪਸ ਜਾਣ ’ਤੇ ਧੰਨਵਾਦ ਕਰਨ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਤੁਹਾਡੀ ਦਿੱਲੀ ਦੀ ਸਰਹੱਦ ’ਤੇ ਪਿਛਲੇ 1 ਸਾਲ ਤੋਂ ਵੱਧ ਸਮ੍ਹਾਂ ਕਿਸਾਨ ਅਤੇ ਮਜ਼ਦੂਰ ਮੀਂਹ, ਹਨ੍ਹੇਰੀ, ਸਰਦੀ, ਗਰਮੀ ਦਾ ਸਾਹਮਣਾ ਕਰਦੇ ਹੋਏ 700 ਤੋਂ ਵੱਧ ਕਿਸਾਨਾਂ ਨੇ ਆਪਣੀਆ ਜਾਨਾਂ ਗੁਆ ਦਿੱਤੀਆਂ, ਕੀ ਉਹ ਲੋਕ ਭਾਰਤ ਦੇ ਨਾਗਰਿਕ ਨਹੀਂ ਸਨ। ਉਨ੍ਹਾਂ ਵਾਸਤੇ ਮੋਦੀ ਸਰਕਾਰ ਨੇ ਕੀ ਕੀਤਾ। ਪੰਜਾਬ ਨੇ ਕੋਈ ਵੀ ਗੈਰ ਸੰਵਿਧਾਨਿਕ ਕੰਮ ਨਹੀਂ ਕੀਤਾ ਹੈ ਅਤੇ ਅਜਿਹੇ ਬਿਆਨ ਦੇ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਜੋ ਪੰਜਾਬੀਆਂ ਨਾਲ ਮੋਦੀ ਨੇ ਸਿੰਘੂ ਬਾਰਡਰਾਂ ਤੇ ਕੀਤਾ, ਮੋਦੀ ਨੇ ਉਸ ਦੇ ਫੈਲਦੇ ਰੂਪ ਵਿਚ ਪਹਿਲੀ ਕਿਸ਼ਤ ਪ੍ਰਾਪਤ ਕੀਤੀ ਹੈ। ਗੜ੍ਹੀ ਨੇ ਕਿਹਾ ਕਿ ਜਿਵੇਂ ਪੰਜਾਬ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਫਲਾਪ ਹੋਈ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦਾ ਵੀ ਸਫ਼ਾਇਆ ਹੋਵੇਗਾ। ਇਹ ਦੋਨੋਂ ਭਾਈਵਾਲ ਪਾਰਟੀਆਂ ਜਿਨ੍ਹਾਂ ਦੀ ਚਾਬੀ ਦਿੱਲੀ ਦਰਬਾਰ ਵਿਚ ਹੀ ਖੁੱਲ੍ਹਦੀ ਹੈ। ਜਿਨ੍ਹਾਂ ਨੇ ਕਦੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਹੈ ਅਤੇ ਨਾ ਹੀ ਕਰਨਗੇ। ਸਗੋਂ ਵੱਡੇ ਵੱਡੇ ਘਪਲੇ ਕਰਕੇ ਖ਼ੂਨ ਪੀਣੀਆ ਜੋਕਾਂ ਵਾਂਗਰ ਪੰਜਾਬ ਦੇ ਲੋਕਾਂ ਦਾ ਖ਼ੂਨ ਚੂਸਣਗੇ ਇਸ ਲਈ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋ ਕੇ ਇਸ ਵਾਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਪਵੇਗਾ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।