ਮੁੱਲਾਪੁਰ ਦਾਖਾ ਦੇ ਆਰਿਓ ਵਾਟਰ ਫ਼ਰੰਟ ਵਿਖੇ ਫਲੈਟਾਂ ਵਿੱਚ ਅੱਜ ਸਵੇਰੇ ਇੱਕ 24 ਸਾਲਾ ਮਹਿਲਾ ਦੀ ਭੇਤਭਰੇ ਹਾਲਾਤ ‘ਚ ਲਾਸ਼ ਬਰਾਮਦ ਹੋਈ।

ਲੁਧਿਆਣਾ: ਮੁੱਲਾਪੁਰ ਦਾਖਾ ਦੇ ਆਰਿਓ ਵਾਟਰ ਫ਼ਰੰਟ ਵਿਖੇ ਫਲੈਟਾਂ ਵਿੱਚ ਅੱਜ ਸਵੇਰੇ ਇੱਕ 24 ਸਾਲਾ ਮਹਿਲਾ ਦੀ ਭੇਤਭਰੇ ਹਾਲਾਤ ‘ਚ ਲਾਸ਼ ਬਰਾਮਦ ਹੋਈ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕਿ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਮ੍ਰਿਤਕ ਦੀ ਪਛਾਣ ਅਮਨਪ੍ਰੀਤ ਵਜੋਂ ਹੋਈ ਹੈ। ਜਿਕਰਯੋਗ ਹੈ ਕਿ ਮ੍ਰਿਤਕ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਦਾਖਾ ਵਿਖੇ ਹੀ ਟ੍ਰੇਵਲ ਏਜੰਸੀ ‘ਚ ਕੰਮ ਕਰਦੀ ਸੀ।

ਮ੍ਰਿਤਕ ਦੀ ਮਾਂ ਨੇ ਉਸ ਦੇ ਸਹੁਰਿਆਂ ਤੇ ਉਸ ਨੂੰ ਮਾਰਨ ਦੇ ਇਲਜ਼ਾਮ ਲਾਏ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਕਹਿਣ ਨੂੰ ਤਾਂ ਜਿਮ ਟ੍ਰੇਨਰ ਸੀ, ਪਰ ਅਸਲ ਵਿੱਚ ਉਹ ਚਿੱਟਾ ਵੇਚਦਾ ਸੀ। ਇਸ ਕਾਰਨ ਮੀਂਆ-ਬੀਵੀ ‘ਚ ਕਲੇਸ਼ ਰਹਿੰਦਾ ਸੀ। ਉਸ ਦੀ ਧੀ ਉਸ ਨੂੰ ਇਹ ਕੰਮ ਕਰਨ ਤੋਂ ਰੋਕਦੀ ਸੀ। ਇਸ ਕਰਕੇ ਉਨਾਂ ਵਿਚਾਲੇ ਅਕਸਰ ਆਪਸੀ ਝਗੜਾ ਹੁੰਦਾ ਰਹਿੰਦਾ ਸੀ।

ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਮ੍ਰਿਤਕ ਦੇ ਪਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਥਾਣਾ ਦਾਖਾ ਦੇ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਪੂਰਾ ਮਾਮਲਾ ਸੁਲਝਾ ਲਿਆ ਜਾਵੇਗਾ।