ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡੀਆਂ ’ਚੋਂ ਕਣਕ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ
ਹੁਸ਼ਿਆਰਪੁਰ,: ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 2,25,800 ਮੀਟ੍ਰਿਕ ਟਨ ਕਣਕ ਦੀ ਨਿਰਵਿਘਨ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚੋਂ ਪਨਗਰੇਨ ਵਲੋਂ 65,745 ਮੀਟ੍ਰਿਕ ਟਨ, ਮਾਰਕਫੈਡ ਵਲੋਂ 39,899, ਪਨਸਪ ਵਲੋਂ 43,285, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 26,142, ਐਫ.ਸੀ.ਆਈ ਵਲੋਂ 41,667 ਅਤੇ ਵਪਾਰੀਆਂ ਵਲੋਂ 9,062 ਮੀਟ੍ਰਿਕ ਟਨ ਕਣਕ ਖਰੀਦੀ ਗਈ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 370.52 ਕਰੋੜ ਰੁਪਏ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਸਮੇਂ ਸਿਰ ਲਿਫਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ।ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦਾ ਇਕ-ਇਕ ਦਾਣਾ ਚੁੱਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਕੋਈ ਕਮੀ ਨਹੀਂ ਰਹਿਣੀ ਚਾਹੀਦੀ।ਸੰਦੀਪ ਹੰਸ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਖੇਤਾਂ ਵਿਚ ਹੀ ਪ੍ਰਬੰਧਨ ਕੀਤਾ ਜਾਵੇ।ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਣ ਦੇ ਨਾਲ-ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।