ਹੁਣ ਤੱਕ ਮੰਡੀਆਂ ਵਿਚ 210084 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ, 209854 ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ
ਕਿਸਾਨਾਂ ਤੇ ਆੜ੍ਹਤੀ ਐਸੋਸੀਏਸ਼ਨ ਲਈ ਮੰਡੀਆਂ ’ਚ ਕੀਤੇ ਗਏ ਪ੍ਰਬੰਧਾਂ ’ਤੇ ਕੀਤਾ ਤਸੱਲੀ ਦਾ ਪ੍ਰਗਟਾਵਾ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਸੁਚਾਰੂ ਤਰੀਕੇ ਨਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਮੰਡੀਆਂ ਵਿਚ ਫ਼ਸਲ ਵੇਚਣ ਆਏ ਕਿਸਾਨਾਂ ਦੇ ਖਾਤਿਆਂ ਵਿਚ 339.98 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਹੋ ਚੁੱਕੀ ਹੈ, ਜੋ ਕਿ 98 ਫੀਸਦੀ ਬਣਦੀ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 210084 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 209854 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 60833 ਮੀਟ੍ਰਿਕ ਟਨ, ਮਾਰਕਫੈਡ ਵਲੋਂ 49708, ਪਨਸਪ ਵਲੋਂ 48403, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 29266, ਐਫ.ਸੀ.ਆਈ. ਵਲੋਂ 17814 ਅਤੇ ਵਪਾਰੀਆਂ ਵਲੋਂ 3830 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿਚ ਕੀਤੇ ਗਏ ਪ੍ਰਬੰਧਾਂ ਤੋਂ ਕਿਸਾਨ ਖੁਸ਼ ਹਨ ਅਤੇ ਉਨ੍ਹਾਂ ਵਲੋਂ ਵੇਚੀ ਗਈ ਫ਼ਸਲ ਦੀ ਅਦਾਇਗੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਹੋ ਰਹੀ ਹੈ। ਪਿੰਡ ਮਰਨਾਈਆਂ ਖੁਰਦ ਦੇ ਕਿਸਾਨ ਥੰਮਣ ਸਿੰਘ, ਪਿੰਡ ਹੈਦਰੋਵਾਲ ਦੇ ਕਿਸਾਨ ਗੁਰਸੇਜ ਸਿੰਘ ਅਤੇ ਪਿੰਡ ਪੱਟੀ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਦਾਣਾ ਮੰਡੀ ਹੁਸ਼ਿਆਰਪੁਰ ਵਿਚ ਆਪਣੀ ਫ਼ਸਲ ਵੇਚਣ ਆਏ ਸਨ ਅਤੇ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ ਦੀ ਬਹੁਤ ਵਧੀਆ ਸੁਵਿਧਾ ਹੈ।

ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਪਾਲ ਨੇ ਕਿਹਾ ਕਿ ਮੰਡੀਆਂ ਵਿਚ ਸਾਫ਼-ਸਫ਼ਾਈ ਦੇ ਚੰਗੇ ਪ੍ਰਬੰਧ ਹਨ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਹੈ। ਕੋਮਲ ਮਿੱਤਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆ ਵਿਚ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਉਣ ਅਤੇ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਫ਼ਸਲ ਦੀ ਕਟਾਈ ਨਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਵਾਉਣ ਸਮੇਂ ਕੰਬਾਇਨਾਂ ਸਿਲ੍ਹੀ ਫ਼ਸਲ ਵੀ ਵੱਢ ਦਿੰਦੀਆਂ ਹਨ, ਜਿਸ ਨਾਲ ਫ਼ਸਲ ਵਿਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਣਕ ਦੀ ਰਹਿੰਦ-ਖੂਹੰਦ ਅਤੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ।

Previous articleअमरनाथ यात्रा पंजीकरण की प्रक्रिया को किया जाए आसान बोले हिंदू सनातन महासंघ पदाधिकारी
Next articleपूर्व विधायक जोगिन्द्रपाल ने किया वरिष्ठ कांग्रेसी नेता एडवोकेट नितिन गुप्ता के दु:ख व्यक्त