ਭਵਾਨੀਗੜ੍ਹ,(ਵਿਜੈ ਗਰਗ): ਸੂਬੇ ‘ਚ ਕੋਰੋਨਾ ਅਤੇ ਓਮੀਕ੍ਰੋਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮੰਗਲਵਾਰ ਦਿਨ ਚੜਦੇ ਸਾਰ ਸੂਬੇ ‘ਚ ਨਾਈਟ ਕਰਫਿਊ ਲਗਾਉਣ ਅਤੇ ਵਿੱਦਿਅਕ ਅਦਾਰਿਆਂ ਆਦਿ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਜਦਕਿ ਇਸ ਸਭ ਦੇ ਵਿਚਕਾਰ ਸਰਕਾਰ ਦੀਆਂ ਇਨ੍ਹਾਂ ਅਪੀਲਾਂ ਦੇ ਬਾਵਜੂਦ ਭਵਾਨੀਗੜ੍ਹ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਮੌਕੇ ਉਨ੍ਹਾਂ ਦੇ ਸਵਾਗਤ ਦੇ ਲਈ ਹੋਏ ਭਾਰੀ ਇੱਕਠ ਦੌਰਾਨ ਸ਼ੋਸ਼ਲ ਡਿਸਟੈਂਸਿੰਗ ਦੀਆਂ ਜੰਮ ਕੇ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ।

ਜ਼ਿਕਰਯੋਗ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਜਾਣ ਵੇਲੇ ਭਵਾਨੀਗੜ੍ਹ ‘ਚੋਂ ਦੀ ਹੋ ਕੇ ਲੰਘਣਾ ਸੀ ਜਿਸ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ‘ਚ ਭਾਰੀ ਉਤਸ਼ਾਹ ਤੇ ਜੋਸ਼ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਕੈਪਟਨ ਦਾ ਇੱਥੇ ਅਨਾਜ ਮੰਡੀ ਨੇੜੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਮਰਥਕਾਂ ਤੇ ਪਾਰਟੀ ਵਰਕਰਾਂ ਦਾ ਪਿਆਰ ਕਬੂਲਣ ਲਈ ਆਪਣੀ ਕਾਰ ‘ਚੋਂ ਹੇਠਾਂ ਉਤਰਣ ਦੀ ਕੋਸ਼ਿਸ਼ ਕੀਤੀ ਪਰੰਤੂ ਭਾਰੀ ਇਕੱਠ ਕਾਰਨ ਉਹ ਗੱਡੀ ‘ਚੋਂ ਨਾ ਉਤਰ ਸਕੇ ਤੇ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਬਠਿੰਡਾ ਵੱਲ ਨੂੰ ਰਵਾਨਾ ਹੋ ਗਏ। ਅੱਜ ਦੇ ਇਕੱਠ ਦੌਰਾਨ ਜ਼ਿਆਦਾਤਰ ਲੋਕ ਬਿਨਾਂ ਮਾਸਕ ਅਤੇ ਸ਼ੋਸ਼ਲ ਡਿਸਟੈਂਸਿੰਗ ਆਦਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ‘ਚ ਕੁਤਾਹੀ ਵਰਤਦੇ ਦਿਖਾਈ ਦਿੱਤੇ।