ਘੰਟਾ ਘਰ ਦੇ ਨਜਦੀਕ 4 ਲੱਖ 17 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਵਾਲਮੀਕਿ ਜੀ ਦੇ ਦੁਆਰ ਦੇ ਕੰਮ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਦਿਖਾਏ ਗਏ ਉਚ ਆਦਰਸ਼ਾਂ ’ਤੇ ਚੱਲ ਕੇ ਸਮਾਜ ਵਿਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਹ ਅੱਜ 4 ਲੱਖ 17 ਹਜ਼ਾਰ ਰੁਪਏ ਦੀ ਲਾਗਤ ਨਾਲ ਘੰਟਾ ਘਰ ਦੇ ਨਜਦੀਕ ਭਗਵਾਨ ਵਾਲਮੀਕਿ ਜੀ ਦੇ ਦੁਆਰ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।ਇਸ ਦੌਰਾਨ ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਵੀ ਲਿਆ।ਉਨ੍ਹਾਂ ਕਿਹਾ ਕਿ ਕਰੁਣਾ ਸਾਗਰ ਭਗਵਾਨ ਵਾਲਮੀਕਿ ਸੰਸਕ੍ਰਿਤ ਭਾਸ਼ਾ ਦੇ ਪਿਤਾਮਾਹ ਸਨ, ਜਿਨ੍ਹਾਂ ਨੇ ਆਪਣੀ ਅਮਰ ਰਚਨਾ ਰਮਾਇਣ ਦੁਆਰਾ ਬੁਰਾਈ ਤੇ ਅਛਾਈ ਦੀ ਜਿੱਤ ਦਾ ਸੰਦੇਸ਼ ਦਿੱਤਾ।

ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਬਹੁਤ ਹੀ ਆਸਥਾ ਨਾਲ ਇਸ ਕੰਮ ਦੀ ਸ਼ੁਰੂਆਤ ਕਰਵਾਈ ਹੈ, ਜੋਕਿ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਸੀ।ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਰਚਨਾ ਰਮਾਇਣ ਨੇ ਲੋਕਾਂ ਨੂੰ ਸਦੀਆਂ ਤੱਕ ਜੀਵਨ ਦਾ ਮਾਰਗ ਸਿਖਾਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਾਲਮੀਕਿ ਜੀ ਦੇ ਸੰਦੇਸ਼ਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਹੈ, ਕਿਉਂਕਿ ਉਨ੍ਹਾਂ ਦੀ ਸਿੱਖਿਆ ਸਮਾਜ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੰਦੀ ਹੈ।ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਦੁਆਰ ਦੇ ਨਿਰਮਾਣ ਕੰਮ ਦੇ ਨਾਲ-ਨਾਲ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਲਈ ਵਿਸ਼ੇਸ਼ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ’ਤੇ ਸਾਬਕਾ ਕੌਂਸਲਰ ਮੋਹਨ ਲਾਲ ਪਹਿਲਵਾਨ, ਵਰਿੰਦਰ ਸ਼ਰਮਾ ਬਿੰਦੂ, ਹੰਸ ਰਾਜ ਹੰਸ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।