ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਕਾਂਗਰਸ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ।ਲੋਕਾਂ ਦੇ ਰੁਜ਼ਗਾਰ ਖੁੱਸ ਚੁੱਕੇ ਹਨ,ਪਰ ਵਿਧਾਇਕ ਦੀ ਨੱਕ ਦੇ ਥੱਲੇ ਠੇਕੇਦਾਰਾਂ ਕੋਲੋਂ ਰਿਸ਼ਵਤਾਂ ਮੰਗੀਆਂ ਜਾ ਰਹੀਆਂ ਹਨ।ਲੋਕ ਆਪਣੇ ਬੱਚੇ ਕਿਵੇਂ ਪਾਲਣਗੇ, ਸਰਕਾਰ ਵੱਲੋਂ ਸਹੂਲਤਾਂ ਦੇ ਨਾਂ ਤੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਉਮੀਦਵਾਰ ਹਲਕਾ ਬਲਾਚੌਰ ਨੇ ਲੱਕੜ ਮੰਡੀ ਦੇ ਠੇਕੇਦਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲੱਗਿਆ  ਕੀਤਾ। ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਤੁਹਾਡੇ ਜੀਐੱਸਟੀ ਵਿੱਚ ਵੀ ਰਾਹਤ ਦਿਵਾਈ ਜਾਵੇਗੀ ਤਾਂ ਜੋ ਤੁਸੀਂ ਨਿਸ਼ਚਿੰਤ ਹੋ ਕੇ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕੋਗੇ ਤੇ ਲੱਕੜ ਮੰਡੀ ਵਿੱਚ ਵੀ ਤੁਹਾਨੂੰ ਪੂਰੀਆਂ ਸਹੂਲਤਾਂ ਦਿਵਾਈਆਂ ਜਾਣਗੀਆਂ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਠੇਕੇਦਾਰ ਸੋਨੀ ਮੁੱਤੋਂ, ਗੁਲਜਾਰੀ ਜੱਟਪੁਰ,ਦਵਿੰਦਰ ਲਾਲਾ ਤੇ ਕੁਲਦੀਪ ਕੁਮਾਰ ਦੀਪਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਾਰੋਬਾਰ ਪਹਿਲਾਂ ਹੀ ਬਹੁਤ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸਾਨੂੰ ਕੁੱਝ ਤਾਂ ਸਰਕਾਰੀ ਟੈਕਸਾਂ ਨੇ ਦੱਬਿਆ ਹੋਇਆ ਹੈ ਤੇ ਬਾਕੀ ਰਹਿੰਦੀ ਖੂੰਹਦੀ ਕਸਰ ਪ੍ਰਸ਼ਾਸਨ ਦੀਆਂ ਰਿਸ਼ਵਤਾਂ ਤੇ ਧੱਕੇਸ਼ਾਹੀ ਦੇ ਨਾਲ ਸਾਨੂੰ ਕੰਗਾਲੀ ਦੀ ਕਗਾਰ ਤੇ ਲਿਆ ਚੁੱਕਾ ਹੈ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰਮੋਹਨ ਜੇਡੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਸ਼ੁਰੂ ਤੋਂ ਹੀ ਵਪਾਰੀ ਵਰਗ ਦੇ ਨਾਲ ਧੱਕੇਸ਼ਾਹੀਆਂ ਕਰਦੀਆਂ ਆ ਰਹੀਆਂ ਹਨ।ਉਨ੍ਹਾਂ ਨੂੰ ਵਪਾਰ ਕਰਨ ਵਾਸਤੇ ਢੁੱਕਵਾਂ ਮਾਹੌਲ ਉਪਲੱਬਧ ਨਹੀਂ ਕਰਾਇਆ ਜਾ ਰਿਹਾ। ਇਸ ਮੌਕੇ ਕਾਫੀ ਸੰਖਿਆ ਵਿਚ ਲੱਕੜ ਮੰਡੀ ਦੇ ਠੇਕੇਦਾਰ ਮੌਜੂਦ ਸਨ।